ਨੰਗਲ, 4 ਜਨਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਕੜਾਕੇ ਦੀ ਠੰਢ ਵੱਧਦਿਆਂ ਹੀ ਅੰਤਰਰਾਸ਼ਟਰੀ ਨੰਗਲ ਡੈਮ ਜਲਗਾਹ ਵਿਚ ਪ੍ਰਵਾਸੀ ਪੰਛੀਆਂ ਦੀ ਆਮਦ ਇਕ ਦਮ ਵੱਧ ਗਈ ਹੈ | ਉਘੇ ਚੌਗਿਰਦਾ ਪ੍ਰੇਮੀ ਤੇ ਲੰਘੇ ਤਿੰਨ ਦਹਾਕਿਆਂ ਤੋਂ ਪੰਛੀਆਂ ਲਈ ਕੰਮ ਕਰ ਰਹੇ ਪ੍ਰਭਾਤ ਭੱਟੀ ਨੇ ਦੱਸਿਆ ਕਿ ਨੰਗਲ ਡੈਮ ਜਲਗਾਹ ਵਿਚ ਕੋਮਨਕੂਟ ਦੀ ਤਾਂ ਭਰਮਾਰ ਹੀ ਹੋ ਗਈ ਹੈ | ਸਤਲੁਜ ਆਰਤੀ ਸਥਾਨ ਪਿੰਡ ਬਿਭੌਰ ਸਾਹਿਬ ਵਿਖੇ ਤਾਂ ਏਨੇ ਕੌਮਨਕੂਟ ਹਨ ਕਿ ਜਦੋਂ ਤੁਸੀਂ ਮੱਛੀਆਂ ਨੂੰ ਆਟਾ ਪਾਉਂਦੇ ਹੋ ਤਾਂ ਉਹ ਆਟੇ ਦੀਆਂ ਗੋਲੀਆਂ ਰਾਹ ਵਿਚ ਹੀ ਬੋਚ ਲੈਂਦੇ ਹਨ | ਇਸ ਪਵਿੱਤਰ ਸਥਾਨ 'ਤੇ ਚਿੱਟੀਆਂ ਬੱਤਖ਼ਾਂ ਵੀ ਬਹੁਤ ਹਨ, ਜਿਹੜੀਆਂ ਪ੍ਰਵਾਸੀ ਨਹੀਂ ਹਨ | ਉਨ੍ਹਾਂ ਦੱਸਿਆ ਕਿ ਬੇਸ਼ੱਕ ਪਿਛਲੇ ਕੁਝ ਸਾਲਾਂ ਵਿਚ 'ਗਲੋਬਲ ਵਾਰਮਿੰਗ' ਅਤੇ ਕੁਝ ਹੋਰ ਕਾਰਨਾਂ ਕਰਕੇ ਪ੍ਰਵਾਸੀ ਪੰਛੀਆਂ ਦੀ ਆਮਦ ਘਟੀ ਹੈ ਪਰ ਇਸ ਵਾਰੀ ਇਹ ਨੋਟ ਕੀਤਾ ਗਿਆ ਕਿ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿਚ ਕਾਫ਼ੀ ਪ੍ਰਵਾਸੀ ਪੰਛੀ ਆਏ ਹਨ | ਚਲੈਲਾ, ਜਿਯੋਰੀ ਪੱਤਨ, ਲਠਿਆਣੀ, ਬਿਹੜੂ ਆਦਿ ਥਾਵਾਂ 'ਤੇ ਕਾਫ਼ੀ ਪ੍ਰਵਾਸੀ ਪੰਛੀ ਹਨ | ਬੇਸ਼ੱਕ ਇਹ ਗਿਣਤੀ ਪੌਂਗ ਡੈਮ ਸਾਈਟ ਤਲਵਾੜਾ ਟਾਊਨਸ਼ਿਪ ਦੇ ਮੁਕਾਬਲੇ ਕੁਝ ਵੀ ਨਹੀਂ | ਚੌਗਿਰਦਾ ਮਿੱਤਰ ਡਾ. ਸੱਤਬੀਰ ਸਿੰਘ ਨੇ ਦੱਸਿਆ ਕਿ ਨੰਗਲ ਡੈਮ ਝੀਲ ਕੰਢਿਓਾ ਨਾਜਾਇਜ਼ ਕਬਜ਼ੇ ਹਟਾਉਣ ਦੀ ਲੋੜ ਹੈ | ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਸ੍ਰੀ ਗੁਰੂ ਰਵੀਦਾਸ ਯੂਨੀਵਰਸਿਟੀ ਦੇ ਚੇਅਰਮੈਨ ਡਾ. ਸੰਜੀਵ ਗੌਤਮ ਨੇ ਦੱਸਿਆ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸ਼ਿਕਾਰ ਦੀਆਂ ਘਟਨਾਵਾਂ ਨਾ ਹੋਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦਾ ਸਟਾਫ਼ ਵੀ ਵਧਾਇਆ ਜਾਵੇ | ਜੰਗਲੀ ਜੀਵ ਵਿਆਖਿਆ ਕੇਂਦਰ ਦੇ ਇੰਚਾਰਜ ਅੰਮਿ੍ਤ ਲਾਲ ਨੇ ਦੱਸਿਆ ਕਿ ਅੰਤਰਰਾਸ਼ਟਰੀ ਜਲਗਾਹ ਕੰਢੇ ਰਾਤ ਨੂੰ ਵੀ ਪੈਟਰੋਲਿੰਗ ਹੋ ਰਹੀ ਹੈ ਤਾਂ ਕਿ ਮਹਿਮਾਨ ਪੰਛੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ |