ਭਾਰਤੀ ਰੇਲਵੇ ਦਾ 'ਖਾਣਾ' ਸਵਾਲਾਂ ਦੇ ਘੇਰੇ 'ਚ 58 ਕਰੋੜ ਥਾਲੀਆਂ ਪਰੋਸਣ ਵਾਲਾ ਰੇਲਵੇ ਗੁਣਵੱਤਾ ਸੰਭਾਲਣ 'ਚ ਨਾਕਾਮ <br/>
ਅਜੀਤ ਡੈਸਕ
05-01-2026
ਅੰਕੜਿਆਂ ਦੀ ਖੇਡ ਤੇ ਜ਼ਮੀਨੀ ਹਕੀਕਤ
ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਕ ਸਵਾਲ ਦੇ ਜਵਾਬ ਵਿਚ ਇਕ ਰਿਪੋਰਟ ਰਾਹੀਂ ਕਿਹਾ ਕਿ ਰੇਲਵੇ ਸਾਲਾਨਾ ਔਸਤਨ 58 ਕਰੋੜ ਭੋਜਨ ਦੀਆਂ ਥਾਲੀਆਂ ਪਰੋਸਦਾ ਹੈ ਅਤੇ ਸ਼ਿਕਾਇਤਾਂ ਦੀ ਦਰ ਮਹਿਜ਼ 0.0008 ਫ਼ੀਸਦੀ ਹੈ ਪਰ ਇਹ ਅੰਕੜਾ ਅਸਲ ਤਸਵੀਰ ਨੂੰ ਲੁਕਾਉਣ ਦੀ ਇਕ ਕੋਸ਼ਿਸ਼ ਜਾਪਦਾ ਹੈ¢ 2024-25 ਦੇ ਤਾਜ਼ਾ ਅੰਕੜਿਆਂ ਮੁਤਾਬਕ ਸਿਰਫ਼ ਇਕ ਸਾਲ ਵਿਚ ਖਾਣੇ ਦੀ ਗੁਣਵੱਤਾ ਨੂੰ ਲੈ ਕੇ 6,645 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ¢ ਕੀ ਇਹ 6 ਹਜ਼ਾਰ ਤੋਂ ਵੱਧ ਯਾਤਰੀ ਝੂਠ ਬੋਲ ਰਹੇ ਹਨ? ਇਹ ਉਹ ਲੋਕ ਹਨ, ਜਿਨ੍ਹਾਂ ਨੇ ਸ਼ਿਕਾਇਤ ਕਰਨ ਦੀ ਹਿੰਮਤ ਕੀਤੀ, ਜਦਕਿ ਲੱਖਾਂ ਯਾਤਰੀ ਖ਼ਰਾਬ ਖਾਣਾ ਖਾ ਕੇ ਚੁੱਪ ਰਹਿਣ ਲਈ ਮਜਬੂਰ ਹਨ¢ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀਆਂ ਸ਼ਿਕਾਇਤਾਂ ਦੇ ਬਾਵਜੂਦ ਰੇਲਵੇ ਪ੍ਰਸ਼ਾਸਨ ਠੇਕੇਦਾਰਾਂ ਪ੍ਰਤੀ ਨਰਮ ਰਵੱਈਆ ਅਪਣਾ ਰਿਹਾ ਹੈ¢ ਅੰਕੜੇ ਦੱਸਦੇ ਹਨ ਕਿ ਪਿਛਲੇ ਚਾਰ ਸਾਲਾਂ ਵਿਚ ਰੇਲਵੇ ਨੇ ਸਿਰਫ 2.8 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ ਹੈ¢ ਇੰਨੇ ਵਿਸ਼ਾਲ ਨੈੱਟਵਰਕ ਲਈ ਇਹ ਰਕਮ 'ਊਠ ਦੇ ਮੂੰਹ ਜੀਰੇ' ਸਮਾਨ ਹੈ¢ ਹੋਰ ਵੀ ਚਿੰਤਾਜਨਕ ਗੱਲ ਇਹ ਹੈ ਕਿ 2024-25 'ਚ ਲਗਭਗ 2,995 ਮਾਮਲਿਆਂ ਵਿਚ ਦੋਸ਼ੀਆਂ ਨੂੰ ਸਿਰਫ਼ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ, ਜਦਕਿ ਸਿਰਫ਼ 1,341 ਮਾਮਲਿਆਂ ਵਿਚ ਹੀ ਜੁਰਮਾਨਾ ਲਗਾਇਆ ਗਿਆ¢ ਕੀ ਯਾਤਰੀਆਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਲਈ ਸਿਰਫ਼ ਚਿਤਾਵਨੀ ਕਾਫ਼ੀ ਹੈ? ਰੇਲਵੇ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਬੇਸ ਕਿਚਨਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਹਨ, ਖਾਣੇ ਦੇ ਪੈਕਟਾਂ 'ਤੇ ਕਿਊਆਰ ਕੋਡ ਲਗਾਏ ਹਨ ਅਤੇ ਫੂਡ ਸੇਫਟੀ ਸੁਪਰਵਾਈਜ਼ਰ ਤਾਇਨਾਤ ਕੀਤੇ ਹਨ ਪਰ ਸਵਾਲ ਇਹ ਉਠਦਾ ਹੈ ਕਿ ਜੇਕਰ ਨਿਗਰਾਨੀ ਇੰਨੀ ਸਖ਼ਤ ਹੈ ਤਾਂ ਸ਼ਿਕਾਇਤਾਂ ਕਿਉਂ ਨਹੀਂ ਰੁਕ ਰਹੀਆਂ? ਜਦੋਂ ਰੋਜ਼ਾਨਾ 2.3 ਕਰੋੜ ਯਾਤਰੀ ਸਫ਼ਰ ਕਰਦੇ ਹਨ ਅਤੇ 13,000 ਗੱਡੀਆਂ ਚੱਲਦੀਆਂ ਹਨ ਤਾਂ ਸਿਰਫ਼ ਕੈਮਰੇ ਲਗਾਉਣ ਨਾਲ ਗੰਦਗੀ ਸਾਫ਼ ਨਹੀਂ ਹੋਵੇਗੀ¢ ਕਈ ਰਿਪੋਰਟਾਂ ਮੁਤਾਬਕ ਪੈਂਟਰੀ ਕਾਰਾਂ ਵਿਚ ਅਜੇ ਵੀ ਗੰਦਗੀ, ਕਾਕਰੋਚ ਅਤੇ ਬੇਹੱਦ ਘਟੀਆ ਪੱਧਰ ਦਾ ਸਾਮਾਨ ਵਰਤਣ ਦੀਆਂ ਖਬਰਾਂ ਆਮ ਹਨ¢ਸਿਰਫ਼ ਆਮ ਮੇਲ/ਐਕਸਪ੍ਰੈਸ ਗੱਡੀਆਂ ਹੀ ਨਹੀਂ, ਸਗੋਂ ਰਾਜਧਾਨੀ ਅਤੇ ਵੰਦੇ ਭਾਰਤ ਵਰਗੀਆਂ ਪ੍ਰੀਮੀਅਮ ਟ੍ਰੇਨਾਂ, ਜਿਨ੍ਹਾਂ ਵਿਚ ਖਾਣਾ ਟਿਕਟ ਦਾ ਹਿੱਸਾ ਹੁੰਦਾ ਹੈ, ਵੀ ਇਸ ਬਦਨਾਮੀ ਤੋਂ ਬਚ ਨਹੀਂ ਸਕੀਆਂ ਹਨ¢ ਯਾਤਰੀ ਮਹਿੰਗਾ ਕਿਰਾਇਆ ਖਰਚਦੇ ਹਨ ਪਰ ਬਦਲੇ ਵਿਚ ਉਨ੍ਹਾਂ ਨੂੰ ਅਕਸਰ ਠੰਢਾ, ਬੇਸੁਆਦ ਅਤੇ ਕਈ ਵਾਰ ਬਦਬੂਦਾਰ ਖਾਣਾ ਮਿਲਦਾ ਹੈ¢ਪੋਰਟਲ ਅਤੇ ਟਵਿੱਟਰ ਸੇਵਾ ਸ਼ੁਰੂ ਕਰਨ ਨਾਲ ਸ਼ਿਕਾਇਤ ਦਰਜ ਕਰਨਾ ਤਾਂ ਆਸਾਨ ਹੋ ਗਿਆ ਹੈ ਪਰ ਸ਼ਿਕਾਇਤ ਦਾ ਨਿਪਟਾਰਾ ਅਤੇ ਗੁਣਵੱਤਾ ਵਿਚ ਸੁਧਾਰ ਅਜੇ ਵੀ ਕੋਹਾਂ ਦੂਰ ਹੈ¢ ਜਦੋਂ ਤੱਕ ਰੇਲਵੇ ਠੇਕੇਦਾਰਾਂ ਦੇ ਲਾਇਸੈਂਸ ਰੱਦ ਕਰਨ ਵਰਗੇ ਸਖ਼ਤ ਕਦਮ ਨਹੀਂ ਚੁੱਕਦਾ ਅਤੇ 0.0008 ਫ਼ੀਸਦੀ ਵਰਗੇ ਅੰਕੜਿਆਂ ਦੇ ਪਿੱਛੇ ਲੁਕਣਾ ਬੰਦ ਨਹੀਂ ਕਰਦਾ, ਉਦੋਂ ਤੱਕ ਭਾਰਤੀ ਰੇਲਵੇ ਦਾ ਖਾਣਾ ਯਾਤਰੀਆਂ ਦੀ ਸਿਹਤ ਲਈ ਖਤਰਾ ਬਣਿਆ ਰਹੇਗਾ |