ਬਮਿਆਲ (ਪਠਾਨਕੋਟ), 4 ਜਨਵਰੀ (ਰਾਕੇਸ਼ ਸ਼ਰਮਾ)-ਇਥੋਂ ਦੇ ਪਿੰਡ ਕੋਲੀਆਂ ਵਿਖੇ ਆਪਣੀ ਪ੍ਰੇਮਿਕਾ ਨੂੰ ਮਿਲਣ ਗਏ ਨੌਜਵਾਨ ਦੀ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਕੁੱਟ-ਕੁੱਟ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ, ਜਿਸ ਦੀ ਬਾਅਦ 'ਚ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ | ਮਿ੍ਤਕ ਦੀ ਪਛਾਣ ਕੁਸ਼ਲ ਕੁਮਾਰ ਵਜੋਂ ਹੋਈ ਹੈ, ਜੋ ਕਿ ਪਿੰਡ ਝੇਲਾ ਆਮਦਾਂ ਦੇ ਵਾਸੀ ਬਲਬੀਰ ਕੁਮਾਰ ਦਾ ਪੁੱਤਰ ਹੈ | ਮਿ੍ਤਕ ਦੇ ਪਿਤਾ ਬਲਬੀਰ ਕੁਮਾਰ ਨੇ ਦੋਸ਼ ਲਗਾਇਆ ਹੈ ਕਿ ਉਸ ਦਾ ਪੁੱਤਰ ਕੁਸ਼ਲ ਕੁਮਾਰ ਪਿਛਲੇ 7 ਸਾਲਾ ਤੋਂ ਇਲਾਕੇ ਦੀ ਇਕ ਲੜਕੀ ਨਾਲ ਪ੍ਰੇਮ ਸੰਬੰਧਾਂ ਵਿਚ ਸੀ | ਪਿਛਲੇ ਸਨਿਚਰਵਾਰ (3 ਜਨਵਰੀ) ਨੂੰ ਲੜਕੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਪੁੱਤਰ ਨੂੰ ਆਪਣੇ ਘਰ ਬੁਲਾਉਣ ਦੀ ਸਾਜ਼ਿਸ਼ ਰਚੀ ਅਤੇ ਉਸ ਨੰੂ ਮਾਰ ਦਿੱਤਾ | ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਨਰੋਟ ਜੈਮਲ ਸਿੰਘ ਥਾਣਾ ਪੁਲਿਸ ਨੇ ਗੰਭੀਰ ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਨਰੋਟ ਜੈਮਲ ਸਿੰਘ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ, ਜਿਥੇ ਕੁਸ਼ਲ ਕੁਮਾਰ ਦੀ ਗੰਭੀਰ ਹਾਲਤ ਕਾਰਨ ਉਸ ਨੰੂ ਪਠਾਨਕੋਟ ਜ਼ਿਲ੍ਹਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ, ਉਥੋਂ ਉਸ ਦੇ ਪਰਿਵਾਰਕ ਮੈਂਬਰ ਉਸ ਨੰੂ ਇਲਾਜ ਲਈ ਇਕ ਨਿੱਜੀ ਹਸਪਤਾਲ ਲੈ ਗਏ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ |