ਅੰਮਿ੍ਤਸਰ, 4 ਜਨਵਰੀ (ਸੁਰਿੰਦਰ ਕੋਛੜ)-ਪੰਜਾਬ ਸਮੇਤ ਉੱਤਰੀ ਭਾਰਤ ਨੂੰ ਸੀਤ ਲਹਿਰ ਅਤੇ ਕੜਾਕੇ ਦੀ ਠੰਢ ਨੇ ਜਕੜ ਲਿਆ ਹੈ | ਧੁੰਦ ਤੇ ਠੰਢੀਆਂ ਹਵਾਵਾਂ ਨੇ ਆਮ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ | ਮੌਸਮ ਵਿਭਾਗ ਨੇ 7 ਜਨਵਰੀ ਤੱਕ ਸੂਬੇ 'ਚ ਸੰਘਣੀ ਧੁੰਦ ਲਈ 'ਯੈਲੋ ਅਲਰਟ' ਜਾਰੀ ਕੀਤਾ ਹੈ | ਮੌਸਮ ਵਿਭਾਗ ਅਨੁਸਾਰ ਜਿਥੇ ਪੰਜਾਬ 'ਚ ਮੌਸਮ ਵਿਚ ਕੋਈ ਵੱਡਾ ਬਦਲਾਅ ਆਉਣ ਦੀ ਉਮੀਦ ਨਹੀਂ ਹੈ, ਉਥੇ ਪਹਾੜਾਂ ਤੋਂ ਠੰਢੀਆਂ ਹਵਾਵਾਂ ਦੇ ਵਗਣ ਕਾਰਨ ਪੰਜਾਬ 'ਚ ਤਾਪਮਾਨ ਹੋਰ ਘਟੇਗਾ ਅਤੇ ਠੰਢ ਦੀ ਲਹਿਰ ਦੀ ਸਥਿਤੀ ਬਣੀ ਰਹੇਗੀ | ਅਗਲੇ ਦੋ ਦਿਨਾਂ 'ਚ ਘੱਟੋ-ਘੱਟ ਤਾਪਮਾਨ 2-3 ਡਿਗਰੀ ਹੋਰ ਘੱਟ ਸਕਦਾ ਹੈ | ਮੌਸਮ ਵਿਭਾਗ ਅਨੁਸਾਰ 5 ਤੇ 6 ਜਨਵਰੀ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਲੁਧਿਆਣਾ, ਸੰਗਰੂਰ, ਫ਼ਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐੱਸ. ਏ. ਐੱਸ. ਨਗਰ (ਮੁਹਾਲੀ), ਅੰਮਿ੍ਤਸਰ, ਤਰਨ ਤਾਰਨ, ਕਪੂਰਥਲਾ ਅਤੇ ਜਲੰਧਰ 'ਚ ਸੰਘਣੀ ਧੁੰਦ ਛਾਈ ਰਹੇਗੀ | ਇਸ ਦੌਰਾਨ ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਜੰਮੂ-ਕਸ਼ਮੀਰ ਦੇ ਉਚਾਈ ਵਾਲੇ ਇਲਾਕਿਆਂ 'ਚ ਬਰਫ਼ਬਾਰੀ ਹੋਣ ਦੀਆਂ ਵੀ ਖ਼ਬਰ ਹੈ |