ਅੰਮਿ੍ਤਸਰ, 5 ਜਨਵਰੀ (ਸੁਰਿੰਦਰ ਕੋਛੜ)- ਪਾਕਿਸਤਾਨ 'ਚ ਸਰਬਜੀਤ ਵਲੋਂ ਉੱਥੇ ਸਵੈ-ਇੱਛਾ ਨਾਲ ਇਸਲਾਮ ਕਬੂਲ ਕਰਕੇ ਨੂਰ ਹੁਸੈਨ ਬਣਨ ਉਪਰੰਤ ਹੁਣ ਭਾਰਤ ਵਾਪਸ ਪਰਤਣ ਤੋਂ ਬਾਅਦ ਉਸ ਲਈ ਮੁੜ ਧਰਮ ਪਰਿਵਰਤਨ ਕਰਕੇ ਆਪਣੇ ਪੁਰਾਣੇ ਧਰਮ 'ਚ ਆਉਣਾ ਆਸਾਨ ਨਹੀਂ ਹੋਵੇਗਾ | ਪਾਕਿਸਤਾਨੀ ਮੀਡੀਆ ਨਾਲ ਇਹ ਪ੍ਰਗਟਾਵਾ ਕਰਦਿਆਂ ਪਾਕਿ ਦੀ ਧਾਰਮਿਕ ਇਸਲਾਮੀ ਜਥੇਬੰਦੀ ਨਾਲ ਜੁੜੇ ਮੌਲਵੀ ਅਬਦੁਲ ਕਰੀਮ ਨੇ ਕਿਹਾ ਕਿ ਸਰਬਜੀਤ ਵਲੋਂ ਦੁਬਾਰਾ ਧਰਮ ਬਦਲਣ 'ਤੇ ਉਹ 'ਮੁਰਦੱਤ' (ਮਰੀ ਹੋਈ ਜਾਂ ਜਿਸ ਦਾ ਕੋਈ ਧਰਮ ਨਹੀਂ) ਐਲਾਨੀ ਜਾਵੇਗੀ | ਪਾਕਿ ਦੇ ਜ਼ਿਲ੍ਹਾ ਸ਼ੇਖੂਪੁਰਾ ਤੋਂ ਜਹਾਨਜੇਬ ਮਹਿਮੂਦ ਰਾਨਾ ਨੇ ਦੱਸਿਆ ਕਿ ਸਰਬਜੀਤ ਵਲੋਂ 7 ਨਵੰਬਰ 2025 ਨੂੰ ਸ਼ੇਖ਼ੂਪੁਰਾ ਜੁਡੀਸ਼ੀਅਲ ਮੈਜਿਸਟਰੇਟ ਕੋਲ ਦਾਇਰ ਕੀਤੇ ਗਏ ਬਿਆਨ ਅਨੁਸਾਰ ਉਸ ਨੇ ਪਾਕਿ ਪਹੁੰਚ ਕੇ ਆਪਣੀ ਮਰਜ਼ੀ ਨਾਲ ਇਸਲਾਮ ਧਰਮ ਅਪਣਾਇਆ ਅਤੇ ਨਾਸਿਰ ਹੁਸੈਨ ਨਾਂਅ ਦੇ ਪਾਕਿਸਤਾਨੀ ਨਾਗਰਿਕ ਨਾਲ ਨਿਕਾਹ ਕੀਤਾ | ਉਸ ਦਾ ਨਿਕਾਹ ਸ਼ੇਖ਼ੂਪੁਰਾ ਦੀ ਯੂਨੀਅਨ ਕੌਂਸਲ 'ਚ ਰਜਿਸਟਰਡ ਹੈ |