ਮਨਦੀਪ ਸਿੰਘ ਖਰੌੜ
ਪਟਿਆਲਾ, 6 ਜਨਵਰੀ-ਪੰਜਾਬ 'ਚ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ 'ਆਪ' ਸਰਕਾਰ ਜਿਥੇ ਵੱਡੇ ਪੱਧਰ 'ਤੇ ਮੁਹਿੰਮ ਚਲਾ ਕੇ ਕਾਫ਼ੀ ਹੱਦ ਤੱਕ ਨਸ਼ੇ ਦੀ ਵਿਕਰੀ ਨੂੰ ਘਟਾਉਣ 'ਚ ਕਾਮਯਾਬ ਹੋਈ ਹੈ, ਪ੍ਰੰਤੂ ਇਸ ਅਲਾਮਤ 'ਚ ਫਸੇ ਨੌਜਵਾਨਾਂ ਦਾ ਪੂਰਾ ਇਲਾਜ ਕਰਵਾਉਣ ਲਈ ਹਸਪਤਾਲਾਂ ਅਤੇ ਨਸ਼ਾਮੁਕਤੀ ਕੇਂਦਰਾਂ 'ਚ ਉਹ ਸੁਵਿਧਾਵਾਂ ਉਪਲਬਧ ਨਹੀਂ ਹਨ, ਜਿਸ ਰਾਹੀਂ ਨੌਜਵਾਨ ਨਸ਼ੇ ਤੋਂ ਪੂਰੀ ਤਰ੍ਹਾਂ ਮੁਕਤੀ ਪਾ ਸਕਣ | ਸੂਬੇ 'ਚ 10 ਲੱਖ ਤੋਂ ਵੱਧ ਪੀੜਤ ਵਿਅਕਤੀ 32 ਨਸ਼ਾ ਛੁਡਾਊ ਕੇਂਦਰ, 18 ਪੁਨਰਵਾਸ ਕੇਂਦਰਾਂ ਅਤੇ 529 ਤੋਂ ਵਧ ਓਟ ਸੈਂਟਰਾਂ 'ਚ ਨਸ਼ਾ ਛੱਡਣ ਲਈ ਇਲਾਜ ਕਰਵਾ ਰਹੇ ਹਨ | ਮੌਜੂਦਾ ਸਮੇਂ 'ਚ 60 ਤੋਂ ਵੱਧ ਪੱਕੇ ਮਨੋਚਕਿਤਸਕ ਤੇ 30 ਦੇ ਕਰੀਬ ਮੈਡੀਕਲ ਕਾਲਜਾਂ 'ਚ ਮਨੋਚਕਿਤਸਕ ਕੰਮ ਕਰ ਰਹੇ ਹਨ, ਜਿਹੜੇ ਕਿ ਲੱਖਾਂ ਦੀ ਤਾਦਾਦ 'ਚ ਨਸ਼ਾ ਛੁਡਾਊ ਕੇਂਦਰਾਂ 'ਚ ਪੀੜਤਾਂ ਨੂੰ ਨਸ਼ਾ ਛੁਡਵਾਉਣ 'ਤੇ ਲੱਗੇ ਹੋਏ ਹਨ | 'ਅਜੀਤ' ਦੀ ਟੀਮ ਵਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਦੇ ਜ਼ਿਆਦਾਤਰ ਸਰਕਾਰੀ ਹਸਪਤਾਲਾਂ ਤੇ ਨਸ਼ਾ ਛੁਡਾਊ ਕੇਂਦਰਾਂ 'ਚ ਮਨੋਚਕਿਤਸਕ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ | ਮਾਹਿਰਾਂ ਦਾ ਕਹਿਣਾ ਹੈ ਕਿ ਹਰ ਇਕ ਜ਼ਿਲ੍ਹੇ ਵਿਚ ਘੱਟੋ-ਘੱਟ ਇਕ ਦਰਜਨ ਦੇ ਕਰੀਬ ਮਨੋਚਕਿਤਸਕ ਪੱਕੇ ਤੌਰ 'ਤੇ ਤਾਇਾਤ ਕੀਤੇ ਜਾਣੇ ਚਾਹੀਦੇ ਹਨ ਪਰ ਕਈ ਹਸਪਤਾਲਾਂ 'ਚ 'ਐਗਰੀਮੈਂਟ' ਦੇ ਆਧਾਰ 'ਤੇ ਮਨੋਚਕਿਤਸਕ ਰੱਖੇ ਜਾਂਦੇ ਹਨ, ਜਿਨ੍ਹਾਂ ਨਾਲ ਉਹ ਟੀਚਾ ਹਾਸਲ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਸ ਪ੍ਰਣਾਲੀ ਅਧੀਨ ਰੱਖੇ ਮਨੋਚਕਿਤਸਕ ਨਿੱਜੀ ਨਸ਼ਾ ਛੁਡਾਊ ਕੇਂਦਰਾਂ ਦੀ ਪੜਤਾਲੀਆ ਰਿਪੋਰਟ ਤਿਆਰ ਨਹੀਂ ਕਰ ਸਕਦੇ | ਇਸ ਕਰਕੇ ਅਜਿਹੇ ਕੇਂਦਰਾਂ 'ਚ ਇਲਾਜ ਕਰਵਾ ਰਹੇ ਨੌਜਵਾਨਾਂ ਨੂੰ ਵਧੀਆ ਇਲਾਜ ਨਹੀਂ ਮਿਲਦਾ | ਇਨ੍ਹਾਂ ਡਾਕਟਰਾਂ ਦੀ ਸਹਾਇਤਾ ਤੋਂ ਬਿਨਾਂ ਨਸ਼ੇ ਤੋਂ ਪੀੜਤ ਵਿਅਕਤੀ ਦਾ ਨਸ਼ਾ ਛੱਡਣਾ ਬਹੁਤ ਔਖਾ ਹੈ, ਕਿਉਂਕਿ ਮਨੋਵਿਗਿਆਨੀ ਤਾਂ ਸਿਰਫ਼ ਪੀੜਤ ਵਿਅਕਤੀ ਨੂੰ ਸਲਾਹ ਰਾਹੀਂ ਹੀ ਨਸ਼ਾ ਛੱਡਣ ਲਈ ਪ੍ਰੇਰਿਤ ਕਰਦਾ ਹੈ, ਜਦਕਿ ਮਨੋਚਕਿਤਸਕ ਪੀੜਤ ਦੀ ਨਸ਼ੇ ਦੀ ਮਾਤਰਾ ਲੈਣ ਦੀ ਡੋਜ਼ ਨੂੰ ਭਾਂਪ ਕੇ ਉਸ ਦੀ ਡੋਜ਼ ਘਟਾਉਣ ਦੇ ਨਾਲ-ਨਾਲ ਦਵਾਈ ਵੀ ਦਿੰਦਾ ਹੈ ਤਾਂ ਜੋ ਉਹ ਨਸ਼ੀਲੇ ਪਦਾਰਥ ਛੱਡ ਕੇ ਕਿਸੇ ਗੋਲੀ 'ਤੇ ਪੱਕਾ ਨਿਰਭਰ ਨਾ ਰਹੇ | ਜੇਕਰ ਅਸੀਂ ਅੰਕੜਿਆਂ 'ਤੇ ਝਾਤ ਮਾਰੀਏ ਜ਼ਿਆਦਾਤਰ ਨਸ਼ਾ ਛੱਡਣ ਵਾਲੇ ਮੁੜ ਤੋਂ ਇਸ ਦਲਦਲ 'ਚ ਫਸ ਜਾਂਦੇ ਹਨ |
ਮਨੋਚਕਿਤਸਕ ਭਰਤੀ ਕਰਨ ਦੀ ਪ੍ਰਕਿਰਿਆ ਜਾਰੀ-ਡਾਇਰੈਕਟਰ
ਇਸ ਸੰਬੰਧੀ ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਹਤਿੰਦਰ ਕੌਰ ਨੇ ਦਸਿਆ ਕਿ 100 ਦੇ ਕਰੀਬ ਮਨੋਚਕਿਤਕਸ ਸੂਬੇ ਦੇ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ 'ਚ ਕੰਮ ਕਰ ਰਹੇ ਹਨ | ਇਸ ਤੋਂ ਇਲਾਵਾ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਲਈ ਪ੍ਰਾਈਵੇਟ ਹਸਪਤਾਲਾਂ ਦੇ ਮਾਹਿਰ ਮਨੋਚਕਿਤਕਸਾਂ ਨੂੰ ਵੀ ਸਰਕਾਰੀ ਪੈਨਲ 'ਤੇ ਰੱਖਿਆ ਗਿਆ ਹੈ ਤਾਂ ਜੋ ਨਸ਼ਾ ਛੱਡਣ ਵਾਲੇ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੇ ਇਲਾਜ ਦੌਰਾਨ ਡਾਕਟਰਾਂ ਦੀ ਕਮੀ ਮਹਿਸੂਸ ਨਾ ਹੋਵੇ | ਇਸ ਤੋਂ ਇਲਾਵਾ ਨਵੇਂ ਮਨੋਚਕਿਤਕਸਾਂ ਦੀ ਭਰਤੀ ਲਈ ਵੀ ਪ੍ਰਕਿਰਿਆ ਚਲ ਰਹੀ ਹੈ, ਜਿਹੜੇ ਕਿ ਜਲਦੀ ਹੀ ਹਸਪਤਾਲਾਂ 'ਚ ਆ ਜਾਣਗੇ |
ਲੱਖਾਂ ਨੌਜਵਾਨਾਂ ਨੂੰ ਕੱਢਿਆ ਨਸ਼ਿਆਂ ਦੀ ਦਲਦਲ ਤੋਂ ਬਾਹਰ-ਸਿਹਤ ਮੰਤਰੀ
ਇਸ ਸੰਬੰਧੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਸੂਬੇ 'ਚ ਨਸ਼ੇ ਦੀ ਅਲਾਮਤ 'ਚ ਫਸੇ ਲੱਖਾਂ ਨੌਜਵਾਨਾਂ ਨੂੰ ਬਾਹਰ ਕੱਢਣ ਲਈ ਇਤਿਹਾਸਕ ਕੰਮ ਕੀਤੇ ਹਨ, ਜਿਸ ਦੇ ਨਤੀਜੇ ਹੌਲੀ-ਹੌਲੀ ਸਾਹਮਣੇ ਆ ਰਹੇ ਹਨ | 'ਆਪ' ਸਰਕਾਰ ਅਜਿਹੇ ਨੌਜਵਾਨਾਂ ਦੇ ਮੁੜ ਵਸੇਬੇ ਲਈ ਰੁਜ਼ਗਾਰ ਦੇ ਸਾਧਨ ਵੀ ਮੁਹੱਈਆ ਕਰਵਾਉਣ ਲਈ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਵੀ ਸਿਹਤ ਸੁਧਾਰਾਂ ਸੰਬੰਧੀ ਹੋਰ ਵੀ ਅਹਿਮ ਕਦਮ ਚੁੱਕੇ ਜਾਣਗੇ |
ਸੂਬੇ ਵਿਚ ਮਨੋਚਕਿਤਸਕਾਂ ਦੀ ਕਮੀ ਦੇ ਬਾਵਜੂਦ ਵੀ ਨਸ਼ਿਆਂ ਵਿਰੁੱਧ ਜੰਗ ਜਾਰੀ <br/>
ਅਜੀਤ ਡੈਸਕ
07-01-2026