ਗਿ੍ਫ਼ਤਾਰ ਤਸਕਰ ਪਾਕਿਸਤਾਨ ਸਥਿਤ ਹੈਾਡਲਰਾਂ ਦੇ ਸੰਪਰਕ 'ਚ ਸਨ-ਡੀ.ਜੀ.ਪੀ.
ਅਜਨਾਲਾ, 6 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਬੀ. ਐੱਸ. ਐੱਫ. 45 ਬਟਾਲੀਅਨ ਅਤੇ ਏ. ਐੱਨ. ਟੀ. ਐੱਫ. ਬਾਰਡਰ ਰੇਂਜ ਵਲੋਂ ਸਾਂਝੇ ਅਪ੍ਰੇਸ਼ਨ ਦੌਰਾਨ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਪੈਂਦੀ ਚੌਕੀ ਘੋਗਾ ਦੇ ਖੇਤਰ ਵਿਚੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ 1 ਅਰਬ ਰੁਪਏ ਮੁੱਲ ਦੀ 19.990 ਕਿੱਲੋਗ੍ਰਾਮ ਹੈਰੋਇਨ ਬਰਾਮਦ ਕਰਕੇ ਇਕ ਨਾਬਾਲਗ ਨੌਜਵਾਨ ਸਮੇਤ ਚਾਰ ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ | ਬੀ. ਐੱਸ. ਐੱਫ. ਸੈਕਟਰ ਅੰਮਿ੍ਤਸਰ ਦੇ ਡੀ. ਆਈ. ਜੀ. ਸਚੇਂਦਰ ਸਿੰਘ ਚੰਦੇਲ ਅਤੇ 45 ਬਟਾਲੀਅਨ ਦੇ ਕਮਾਂਡੈਂਟ ਰਾਣਾ ਬਰਜੇਸ਼ ਨੇ ਦੱਸਿਆ ਕਿ ਬੀਤੀ ਰਾਤ 9:30 ਵਜੇ ਧੁੰਦ ਦੌਰਾਨ ਪਾਕਿਸਤਾਨ ਵਾਲੇ ਪਾਸਿਓਾ ਜਦੋਂ ਇਕ ਡਰੋਨ ਭਾਰਤੀ ਖੇਤਰ ਵਿਚ ਦਾਖਲ ਹੋਣ ਦਾ ਪਤਾ ਲੱਗਾ ਤਾਂ ਤੁਰੰਤ ਹਰਕਤ ਵਿਚ ਆਉਂਦਿਆਂ ਬੀ. ਐੱਸ. ਐੱਫ. ਜਵਾਨਾਂ ਵਲੋਂ ਜਦ ਡਰੋਨ ਦੀ ਨਿਸ਼ਾਨਦੇਹੀ ਕੀਤੀ ਗਈ ਤਾਂ ਕੁਝ ਨੌਜਵਾਨ ਖੇਤਾਂ ਵਿਚੋਂ ਕੋਈ ਵਸਤੂ ਉਠਾ ਰਹੇ ਸਨ, ਜੋ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਦੇਖ ਕੇ ਮੌਕੇ ਤੋਂ ਫ਼ਰਾਰ ਹੋ ਗਏ, ਜਦਕਿ ਉਨ੍ਹਾਂ ਦਾ ਮੋਟਰਸਾਈਕਲ ਉਥੇ ਹੀ ਖੜਾ ਸੀ | ਉਨ੍ਹਾਂ ਦੱਸਿਆ ਕਿ ਉਕਤ ਖੇਤਾਂ ਵਿਚ ਜਾ ਕੇ ਦੇਖਿਆ ਤਾਂ ਉਥੇ ਵੱਡੇ ਪੈਕਟਾਂ ਵਿਚ ਬੰਦ 19.990 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ, ਜੋ ਕਿ ਡਰੋਨ ਦੁਆਰਾ ਸੁੱਟੀ ਗਈ ਸੀ | ਉਨ੍ਹਾਂ ਅੱਗੇ ਦੱਸਿਆ ਕਿ ਮੋਟਰਸਾਈਕਲ ਦੇ ਨੰਬਰ ਤੋਂ ਉਕਤ ਨੌਜਵਾਨਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਦੀ ਭਾਲ ਲਈ ਬੀ. ਐੱਸ. ਐੱਫ. ਅਤੇ ਏ. ਐੱਨ. ਟੀ. ਐੱਫ. ਵਲੋਂ ਚਲਾਈ ਸਾਂਝੀ ਮੁਹਿੰਮ ਦੌਰਾਨ ਹੈਰੋਇਨ ਲੈਣ ਆਏ ਨੌਜਵਾਨਾਂ ਰਾਜਵਿੰਦਰ ਸਿੰਘ ਉਰਫ਼ ਗੋਲੂ ਅਤੇ ਸਾਹਿਬਜੀਤ ਸਿੰਘ ਉਰਫ਼ ਸਾਹਿਬ ਦੋਵੇਂ ਵਾਸੀ ਪੁਰਾਣਾ ਨਰਾਇਣਗੜ੍ਹ ਅੰਮਿ੍ਤਸਰ, ਆਸ਼ੂ ਸ਼ਰਮਾ ਉਰਫ਼ ਆਸ਼ੂ ਵਾਸੀ ਛੇਹਰਟਾ ਅਤੇ ਇਕ 17 ਸਾਲਾਂ ਨਾਬਾਲਗ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਗਿਆ | ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਇਸ ਹੈਰੋਇਨ ਬਰਾਮਦਗੀ ਮਾਮਲੇ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਕਥਿਤ ਦੋਸ਼ੀ ਪਾਕਿਸਤਾਨ ਅਧਾਰਿਤ ਹੈਂਡਲਰਾਂ ਨਾਲ ਜੁੜੇ ਹੋਏ ਸਨ ਅਤੇ ਪੂਰੇ ਖੇਤਰ ਵਿਚ ਨਸ਼ੀਲੇ ਪਦਾਰਥਾਂ ਦੀ ਡਿਲੀਵਰੀ ਅਤੇ ਵੰਡ ਕਰ ਰਹੇ ਸਨ |
ਭਾਰਤ-ਪਾਕਿ ਕੌਮਾਂਤਰੀ ਸਰਹੱਦ ਨੇੜਿਓਾ ਇਕ ਅਰਬ ਦੀ ਹੈਰੋਇਨ ਸਮੇਤ 4 ਤਸਕਰ ਕਾਬੂ <br/>
ਅਜੀਤ ਡੈਸਕ
07-01-2026