ਸਾਲ 2025 'ਚ ਖੇਤੀਬਾੜੀ ਉਤਪਾਦਨ ਰਿਕਾਰਡ ਪੱਧਰ 'ਤੇ ਪਰ ਕਿਸਾਨਾਂ ਦੀ ਆਮਦਨ 'ਚ ਗਿਰਾਵਟ <br/>
ਅਜੀਤ ਡੈਸਕ
07-01-2026
ਮੂਣਕ, 6 ਜਨਵਰੀ (ਕੇਵਲ ਸਿੰਗਲਾ)-ਸਾਲ 2025 ਭਾਰਤੀ ਖੇਤੀਬਾੜੀ ਲਈ ਉਤਪਾਦਨ ਦੇ ਪੱਖੋਂ ਇਕ ਇਤਿਹਾਸਕ ਸਾਲ ਰਿਹਾ ਹੈ | ਦੇਸ਼ ਵਿਚ ਖੇਤੀਬਾੜੀ ਉਤਪਾਦਨ ਨੇ ਨਵੇਂ ਰਿਕਾਰਡ ਕਾਇਮ ਕੀਤੇ ਹਨ | ਚੌਲਾਂ ਦੇ ਉਤਪਾਦਨ ਵਿਚ ਭਾਰਤ ਨੇ ਚੀਨ ਨੂੰ ਪਿੱਛੇ ਛੱਡਦਿਆਂ ਦੁਨੀਆ ਦਾ ਸਭ ਤੋਂ ਵੱਡਾ ਚੌਲ ਉਤਪਾਦਕ ਦੇਸ਼ ਬਣਨ ਦਾ ਮਾਣ ਹਾਸਲ ਕੀਤਾ ਹੈ | 150.18 ਮਿਲੀਅਨ ਟਨ ਚੌਲ ਉਤਪਾਦਨ ਦੇ ਨਾਲ ਭਾਰਤ ਪਹਿਲੇ ਸਥਾਨ 'ਤੇ ਹੈ, ਜਦਕਿ ਚੀਨ 145.28 ਮਿਲੀਅਨ ਟਨ ਨਾਲ ਦੂਜੇ ਨੰਬਰ 'ਤੇ ਹੈ ਪਰ ਇਸ ਸ਼ਾਨਦਾਰ ਅੰਕੜੇ ਦੇ ਪਿੱਛੇ ਕਿਸਾਨਾਂ ਦੀ ਅਸਲੀ ਹਾਲਤ ਕਾਫ਼ੀ ਦਰਦਨਾਕ ਹੈ | ਵੱਧ ਪੈਦਾਵਾਰ ਦੇ ਬਾਵਜੂਦ ਕਿਸਾਨਾਂ ਦੀ ਆਮਦਨ ਘਟੀ ਹੈ, ਜੋ ਦੇਸ਼ ਦੀ ਖੇਤੀਬਾੜੀ ਨੀਤੀ 'ਤੇ ਗੰਭੀਰ ਸਵਾਲ ਖੜੇ ਕਰਦੀ ਹੈ | ਜ਼ਿਆਦਾ ਮੀਂਹ ਤੇ ਹੜ੍ਹ, ਉਚ ਉਤਪਾਦਨ ਵਾਲੀਆਂ ਕਿਸਮਾਂ ਅਤੇ ਵੱਡੀ ਸਪਲਾਈ ਕਾਰਨ ਬਾਜ਼ਾਰ ਵਿਚ ਫ਼ਸਲਾਂ ਦੇ ਭਾਅ ਡਿਗ ਗਏ | ਕਈ ਸੂਬਿਆਂ ਵਿਚ ਕਿਸਾਨਾਂ ਨੂੰ ਆਪਣੀ ਫ਼ਸਲ ਐਮ.ਐਸ.ਪੀ. ਤੋਂ ਵੀ ਘੱਟ ਭਾਅ 'ਤੇ ਵੇਚਣੀ ਪਈ | ਸਾਲ 2025 ਦੌਰਾਨ ਆਲੂ, ਪਿਆਜ਼ ਅਤੇ ਟਮਾਟਰ ਦੇ ਭਾਅ ਵਿਚ ਕ੍ਰਮਵਾਰ 34, 38 ਅਤੇ 24 ਫ਼ੀਸਦੀ ਤੱਕ ਗਿਰਾਵਟ ਆਈ, ਜਿਸ ਨਾਲ ਸਬਜ਼ੀ ਉਗਾਉਣ ਵਾਲੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ | ਦਾਲਾਂ ਅਤੇ ਤੇਲ ਵਾਲੇ ਬੀਜਾਂ ਦੀ ਹਾਲਤ ਵੀ ਇਸ ਤੋਂ ਵੱਖਰੀ ਨਹੀਂ ਰਹੀ | ਚੌਲ, ਕਣਕ ਅਤੇ ਦਾਲਾਂ ਦੇ ਉਤਪਾਦਨ ਵਿਚ 7.7 ਫ਼ੀਸਦੀ ਵਾਧੇ ਨਾਲ ਕੁੱਲ ਉਤਪਾਦਨ 357.73 ਮਿਲੀਅਨ ਟਨ ਤੱਕ ਪਹੁੰਚ ਗਿਆ ਪਰ ਇਹ ਵਾਧਾ ਕਿਸਾਨਾਂ ਦੀ ਜੇਬ ਤੱਕ ਨਹੀਂ ਪਹੁੰਚ ਸਕਿਆ | ਬਾਗ਼ਬਾਨੀ ਖੇਤਰ ਵਿਚ ਵੀ 4 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਪਰ ਕੀਮਤਾਂ ਦੀ ਅਸਥਿਰਤਾ ਨੇ ਲਾਭ ਨੂੰ ਨੁਕਸਾਨ ਵਿਚ ਬਦਲ ਦਿੱਤਾ | ਪੰਜਾਬ ਅਤੇ ਹਰਿਆਣਾ ਵਿਚ ਹਾਲਾਤ ਹੋਰ ਵੀ ਚਿੰਤਾਜਨਕ ਰਹੇ | ਝੋਨੇ ਦੇ ਝਾੜ ਵਿਚ ਕਮੀ ਅਤੇ ਬਾਸਮਤੀ ਦੇ ਭਾਅ ਡਿੱਗਣ ਕਾਰਨ ਕਿਸਾਨਾਂ ਲਈ ਸਾਲ 2025 ਬਹੁਤ ਘਾਟੇ ਵਾਲਾ ਸਾਬਤ ਹੋਇਆ | ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨ ਤਾਂ ਆਰਥਿਕ ਤੌਰ 'ਤੇ ਇਸ ਕਦਰ ਟੁੱਟ ਗਏ ਹਨ ਕਿ ਉਨ੍ਹਾਂ ਨੂੰ ਸੰਭਲਣ ਵਿਚ ਕਈ ਸਾਲ ਲੱਗ ਸਕਦੇ ਹਨ | ਇਹ ਸਾਰੀ ਸਥਿਤੀ ਸਾਫ਼ ਕਰਦੀ ਹੈ ਕਿ ਸਿਰਫ਼ ਵੱਧ ਪੈਦਾਵਾਰ ਹੀ ਕਿਸਾਨੀ ਸਮੱਸਿਆਵਾਂ ਦਾ ਹੱਲ ਨਹੀਂ | ਕਿਸਾਨਾਂ ਦੀ ਆਮਦਨ ਵਧਾਉਣ ਲਈ ਸਰਕਾਰ ਨੂੰ ਗੰਭੀਰ ਅਤੇ ਲੰਬੇ ਸਮੇਂ ਵਾਲੇ ਕਦਮ ਚੁੱਕਣੇ ਪੈਣਗੇ | ਘੱਟ ਲਾਗਤ, ਵੱਧ ਪੈਦਾਵਾਰ ਅਤੇ ਬਦਲਦੇ ਮੌਸਮ ਨਾਲ ਨਿਭਣ ਵਾਲੀਆਂ ਕਿਸਮਾਂ ਦੀ ਖੋਜ ਦੇ ਨਾਲ-ਨਾਲ ਫ਼ਸਲਾਂ ਦੀ ਮੰਡੀਕਰਨ ਪ੍ਰਣਾਲੀ ਵਿਚ ਵੱਡੇ ਸੁਧਾਰਾਂ ਦੀ ਲੋੜ ਹੈ | ਜਦ ਤੱਕ ਕਿਸਾਨ ਨੂੰ ਉਸ ਦੀ ਮਿਹਨਤ ਦਾ ਉਚਿੱਤ ਮੁੱਲ ਨਹੀਂ ਮਿਲਦਾ, ਤਦ ਤੱਕ ਉਤਪਾਦਨ ਦੇ ਸਾਰੇ ਰਿਕਾਰਡ ਵਿਅਰਥ ਹਨ |