ਚੰਡੀਗੜ੍ਹ, 25 ਜਨਵਰੀ (ਅਜੀਤ ਬਿਊਰੋ)-ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ 26 ਜਨਵਰੀ ਦੇ ਸ਼ੁਭ ਮੌਕੇ 'ਤੇ ਸਾਰੇ ਦੇਸ਼ ਵਾਸੀਆਂ ਖ਼ਾਸ ਕਰਕੇ ਪੰਜਾਬ ਦੇ ਨਾਗਰਿਕਾਂ ਨੂੰ 77ਵੇਂ ਗਣਤੰਤਰ ਦਿਵਸ ਦੀਆਂ ਵਧਾਈ ਦਿੱਤੀ ਗਈ | ਉਨ੍ਹਾਂ ਕਿਹਾ ਕਿ ਇਸ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਅਤੇ ਭਾਰਤ ਇੱਕ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਧਰਮਨਿਰਪੱਖ ਤੇ ਲੋਕਤੰਤਰੀ ਗਣਰਾਜ ਵਜੋਂ ਸਥਾਪਿਤ ਹੋਇਆ ਸੀ | ਰਾਜਪਾਲ ਨੇ ਕਿਹਾ ਕਿ ਮੈਂ ਗੁਰੂਆਂ, ਪੀਰਾਂ, ਸੰਤਾਂ ਅਤੇ ਮਹਾਨ ਯੋਧਿਆਂ ਦੀ ਧਰਤੀ ਪੰਜਾਬ ਨੂੰ ਸਿਜਦਾ ਕਰਦਾ ਹਾਂ ਤੇ ਉਨ੍ਹਾਂ ਸੈਨਿਕ ਪਰਿਵਾਰਾਂ ਨੂੰ ਸਤਿਕਾਰ ਪ੍ਰਗਟ ਕਰਦਾ ਹਾਂ, ਜਿਨ੍ਹਾਂ ਦੇ ਸਪੂਤਾਂ ਨੇ ਮਾਤ ਭੂਮੀ ਲਈ ਸਰਵ ਉੱਚ ਕੁਰਬਾਨੀ ਦਿੱਤੀ | ਰਾਸ਼ਟਰ ਪਿਤਾ ਮਹਾਤਮਾ ਗਾਂਧੀ, ਨੇਤਾਜੀ ਸੁਭਾਸ਼ ਚੰਦਰ ਬੋਸ, ਸਰਦਾਰ ਵੱਲਭ ਭਾਈ ਪਟੇਲ, ਪੰਡਿਤ ਜਵਾਹਰ ਲਾਲ ਨਹਿਰੂ, ਡਾ. ਰਾਜੇਂਦਰ ਪ੍ਰਸਾਦ ਤੇ ਅਨੇਕਾਂ ਹੋਰ ਦੇਸ਼ ਵਾਸੀਆਂ ਨੇ ਭਾਰਤ ਦੀ ਆਜ਼ਾਦੀ 'ਚ ਅਹਿਮ ਯੋਗਦਾਨ ਪਾਇਆ | ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ, ਚੰਦਰ ਸ਼ੇਖਰ ਆਜ਼ਾਦ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਗਦਰੀ ਬਾਬੇ ਅਤੇ ਅਨੇਕਾਂ ਬਹਾਦਰਾਂ ਦੀ ਸ਼ਹਾਦਤ ਸਾਡੇ ਇਤਿਹਾਸ ਦੀ ਸ਼ਾਨ ਹੈ | ਸੰਵਿਧਾਨ ਸਭਾ ਦੇ ਮੈਂਬਰਾਂ ਤੇ ਡਾ. ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦੇ ਅਣਥੱਕ ਯਤਨਾਂ ਨਾਲ ਸਾਨੂੰ ਮਜ਼ਬੂਤ ਸੰਵਿਧਾਨ ਮਿਲਿਆ | ਰਾਜਪਾਲ ਨੇ ਕਿਹਾ ਕਿ ਸਾਡਾ ਪੰਜਾਬ ਇੱਕ ਮਾਣਮੱਤਾ ਅਤੇ ਪ੍ਰੇਰਨਾਦਾਇਕ ਸੂਬਾ ਹੈ, ਜਿਸ ਨੇ ਆਪਣੀ ਅਦੁੱਤੀ ਹਿੰਮਤ, ਅਣਥੱਕ ਮਿਹਨਤ ਅਤੇ ਅਮੀਰ ਵਿਰਾਸਤ ਨਾਲ ਦੇਸ਼ ਨੂੰ ਸਦਾ ਪ੍ਰੇਰਿਤ ਕੀਤਾ ਹੈ | ਖੁਰਾਕ ਸੁਰੱਖਿਆ ਤੋਂ ਲੈ ਕੇ ਖੇਤੀ, ਉਦਯੋਗ ਅਤੇ ਉੱਦਮਤਾ ਤੱਕ ਪੰਜਾਬ ਨੇ ਅਹਿਮ ਯੋਗਦਾਨ ਦਿੱਤਾ ਹੈ | ਹਾਲੀਆ ਭਿਆਨਕ ਹੜ੍ਹਾਂ ਨੇ ਵੱਡਾ ਨੁਕਸਾਨ ਕੀਤਾ ਪਰ ਇਸ ਦੌਰਾਨ ਪੰਜਾਬੀਆਂ ਦੀ ਹਿੰਮਤ, ਆਪਸੀ ਸਹਿਯੋਗ ਤੇ ਸੇਵਾ-ਭਾਵਨਾ ਸਭ ਤੋਂ ਵੱਧ ਪ੍ਰੇਰਕ ਰਹੀ | ਸੀਮਤ ਸਰੋਤਾਂ ਦੇ ਬਾਵਜੂਦ, ਪੰਜਾਬ ਨੇ ਜਿਸ ਦਿ੍ੜਤਾ ਨਾਲ ਇਸ ਆਫ਼ਤ ਦਾ ਸਾਹਮਣਾ ਕੀਤਾ, ਉਹ ਪੂਰੇ ਦੇਸ਼ ਲਈ ਇਕ ਮਿਸਾਲ ਹੈ | ਰਾਜਪਾਲ ਨੇ ਕਿਹਾ ਕਿ ਇਸ ਗਣਤੰਤਰ ਦਿਵਸ 'ਤੇ ਆਓ ਅਸੀਂ ਪੰਜਾਬ ਸਮੇਤ ਸਾਰੇ ਭਾਰਤ ਨੂੰ ਵਿਕਸਤ, ਮਜ਼ਬੂਤ, ਸਵੈ-ਨਿਰਭਰ ਅਤੇ ਸਮਾਵੇਸ਼ੀ ਰਾਸ਼ਟਰ ਬਣਾਉਣ ਦਾ ਪ੍ਰਣ ਕਰੀਏ | ਵਿਕਸਤ ਭਾਰਤ ਸਾਡੀ ਸਿਰਫ਼ ਇੱਕ ਇੱਛਾ ਨਹੀਂ, ਸਗੋਂ ਸਾਂਝੀ ਰਾਸ਼ਟਰੀ ਚੇਤਨਾ ਹੈ |