• ਨਵੀਆਂ ਭਰਤੀਆਂ ਵਾਲੇ ਹਮਾਇਤ ਤੇ ਪੁਰਾਣੇ ਵਿਰੋਧ 'ਚ ਖੜ੍ਹੇ • ਜੇ ਹੁਣ ਵੀ ਸਿੱਧੀ ਭਰਤੀ ਨਹੀਂ ਹੋਈ ਤਾਂ ਮੁਸ਼ਕਲਾਂ ਹੋਰ ਵਧਣਗੀਆਂ
ਦਵਿੰਦਰ ਪਾਲ ਸਿੰਘ
ਫ਼ਾਜ਼ਿਲਕਾ, 27 ਜਨਵਰੀ-ਸਿੱਖਿਆ ਵਿਭਾਗ 'ਚ ਪ੍ਰਾਇਮਰੀ ਤੋਂ ਸੈਕੰਡਰੀ ਤੱਕ 1 ਲੱਖ, 20 ਹਜ਼ਾਰ ਦੇ ਲਗਭਗ ਪਿ੍ੰਸੀਪਲ ਤੋਂ ਲੈ ਕੇ ਲੈਕਚਰਾਰਾਂ, ਮਾਸਟਰਾਂ ਅਤੇ ਪ੍ਰਾਇਮਰੀ ਕੇਡਰ ਦੀਆਂ ਵੱਖ-ਵੱਖ ਪੋਸਟਾਂ ਹਨ | ਸਿੱਖਿਆ ਅਧਿਕਾਰ ਐਕਟ 2009 ਲਾਗੂ ਹੋਣ ਤੋਂ ਬਾਅਦ ਅਧਿਆਪਕ ਯੋਗਤਾ ਪ੍ਰੀਖਿਆ (ਟੈਟ) ਪਾਸ ਕੀਤੇ ਬਿਨਾਂ ਕੋਈ ਵੀ ਭਰਤੀ ਨਾ ਕਰਨ ਲਈ ਖ਼ਾਕਾ ਤਿਆਰ ਕੀਤਾ ਗਿਆ ਸੀ ਅਤੇ ਸਾਰੇ ਹੀ ਰਾਜਾਂ ਵਿਚ ਲਾਗੂ ਕਰ ਦਿੱਤਾ ਗਿਆ ਸੀ | ਪੰਜਾਬ ਨੇ ਵੀ ਸਾਲ 2011 ਵਿਚ ਇਸ ਸ਼ਰਤ ਨੂੰ ਮੰਨ ਲਿਆ ਅਤੇ ਪ੍ਰਾਇਮਰੀ ਅਧਿਆਪਕਾਂ ਲਈ ਟੈਟ-1 ਅਤੇ ਮਾਸਟਰ ਕੇਡਰ ਲਈ ਟੈਟ-2 ਸ਼ੁਰੂ ਕਰ ਦਿੱਤਾ ਅਤੇ ਸਾਲ 2013 ਤੋਂ ਅਧਿਆਪਕਾਂ ਦੀਆਂ ਸਾਰੀਆਂ ਭਰਤੀਆਂ ਟੈਟ ਪਾਸ ਕਰਨ ਵਾਲਿਆਂ ਵਿਚੋਂ ਹੀ ਕੀਤੀਆਂ ਪਰ ਤਰੱਕੀਆਂ 'ਤੇ ਟੈਟ ਦੀ ਸ਼ਰਤ ਅਜੇ ਤੱਕ ਲਾਗੂ ਨਹੀਂ ਕੀਤੀ, ਕਿਉਂਕਿ ਵਿਭਾਗ ਅੰਦਰ 1994 ਤੋਂ ਲੈ ਕੇ 2013 ਤੱਕ ਦੇ ਹਜ਼ਾਰਾਂ ਅਧਿਆਪਕ ਬਿਨਾਂ ਟੈਟ ਪਾਸ, ਬਾਕੀ ਯੋਗਤਾਵਾਂ ਦੀ ਮੈਰਿਟ ਦੇ ਆਧਾਰ 'ਤੇ ਨੌਕਰੀਆਂ ਕਰ ਰਹੇ ਹਨ | ਹਰ ਸਰਕਾਰ ਅੰਦਰ ਹੀ ਪ੍ਰਾਇਮਰੀ ਤੋਂ ਮਾਸਟਰ, ਮਾਸਟਰ ਤੋਂ ਲੈਕਚਰਾਰ ਅਤੇ ਲੈਕਚਰਾਰ ਤੋਂ ਪਿ੍ੰਸੀਪਲ ਹਜ਼ਾਰਾਂ ਅਧਿਆਪਕ ਸਾਲ 2025 ਤੱਕ ਤਰੱਕੀਆਂ ਲੈ ਚੁੱਕੇ ਹਨ ਪਰ ਸੁਪਰੀਮ ਕੋਰਟ ਦੇ 1/9/2025 ਦੇ ਫ਼ੈਸਲੇ ਤੋਂ ਬਾਅਦ ਤਰੱਕੀਆਂ ਉਪਰ ਵੀ ਟੈਟ ਪਾਸ ਦੀ ਸ਼ਰਤ ਲਗਾ ਦਿੱਤੀ ਗਈ ਹੈ | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅੰਦਰ ਵੀ ਇਕ ਕੇਸ ਲੈਕਚਰਾਰਾਂ ਤੋਂ ਪਿ੍ੰਸੀਪਲ ਅਤੇ ਦੂਜਾ ਈ.ਟੀ.ਟੀ. ਤੋਂ ਮਾਸਟਰ ਕੇਡਰ ਦੀਆਂ ਤਰੱਕੀਆਂ ਦਾ ਹੈ, ਦੋਵਾਂ ਕੇਸਾਂ ਨੇ ਨਵੇਂ ਅਤੇ ਪੁਰਾਣੇ ਟੈਟ ਪਾਸ ਅਤੇ ਟੈਟ ਨਹੀਂ ਪਾਸ ਅਧਿਆਪਕਾਂ ਨੂੰ ਦੋ ਧੜਿਆਂ ਵਿਚ ਵੰਡ ਕੇ ਰੱਖ ਦਿੱਤਾ ਹੈ | ਸਮੂਹਿਕ ਹਿਤਾਂ ਲਈ ਲੜਦੀ ਅਧਿਆਪਕ ਜਮਾਤ ਤਰੱਕੀਆਂ ਲਈ ਆਪਸ ਵਿਚ ਹੀ ਉਲਝੀ ਪਈ ਹੈ | ਸੋਸ਼ਲ ਮੀਡੀਆ 'ਤੇ ਹਜ਼ਾਰਾਂ ਪੋਸਟਾਂ ਟੈਟ ਦੇ ਹੱਕ ਅਤੇ ਵਿਰੋਧ ਵਿਚ ਪੈ ਚੁੱਕੀਆਂ ਹਨ ਅਤੇ ਪਾਈਆ ਜਾ ਰਹੀਆਂ ਹਨ, ਜਿਸ ਕਾਰਨ ਅਧਿਆਪਕ ਜਮਾਤ ਤਰੱਕੀਆਂ ਵਿਚ ਪਾਟੋ ਧਾੜ ਹੋਈ ਨਜ਼ਰ ਆ ਰਹੀ ਹੈ | ਅਧਿਆਪਕਾਂ ਦੀ ਇਸ ਆਪਸੀ ਖ਼ਾਨਾ-ਜੰਗੀ ਅਤੇ ਕਾਨੂੰਨੀ ਅੜਿੱਕਿਆਂ ਕਾਰਨ ਸਰਕਾਰੀ ਸਕੂਲਾਂ ਦੀ ਪੜ੍ਹਾਈ 'ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ, ਕਿਉਂਕਿ ਸਿੱਖਿਆ ਵਿਭਾਗ ਅੰਦਰ ਸੁਧਾਰ ਲਈ ਹੁਣ ਇਕੋ ਰਾਹ ਬਚਿਆ ਹੈ, ਅਧਿਆਪਕਾਂ ਦੀ ਸਿੱਧੀ ਭਰਤੀ, ਸਿੱਧੀ ਭਰਤੀ ਕਰਵਾਉਣ ਵਿਚ ਕੋਈ ਵੀ ਰੁਕਾਵਟ ਨਹੀਂ ਹੈ | ਵਿਭਾਗ ਵਿਚ ਪ੍ਰਾਇਮਰੀ ਕੇਡਰ ਦੀਆ 10 ਹਜ਼ਾਰ, ਮਾਸਟਰ ਕੇਡਰ ਦੀਆਂ 15 ਹਜ਼ਾਰ, ਲੈਕਚਰਾਰ ਕੇਡਰ ਦੀਆਂ 8 ਹਜ਼ਾਰ, ਪਿ੍ੰਸੀਪਲ ਦੀਆਂ 1100 ਪੋਸਟਾਂ ਖ਼ਾਲੀ ਹਨ | ਅਦਾਲਤੀ ਲੜਾਈ ਕਿੰਨੀ ਲੰਬੀ ਚੱਲੇ ਜਾਂ ਟੈਟ ਪਾਸ ਕਰਨ ਉਪਰੰਤ ਹੀ ਤਰੱਕੀ ਮਿਲੇ, ਇਸ ਉਪਰ ਤਾਂ ਅੰਤਿਮ ਫ਼ੈਸਲਾ ਕਦੋਂ ਹੋਵੇਗਾ, ਇਸ ਬਾਰੇ ਸਥਿਤੀ ਸਾਫ਼ ਨਹੀਂ ਪਰ ਇਸ ਸਥਿਤੀ ਵਿਚ ਵਿਭਾਗ ਨੂੰ ਪੈਰਾਂ ਭਾਰ ਕਰਨ ਲਈ ਨਵੀਆਂ ਭਰਤੀਆਂ ਦੀ ਤੁਰੰਤ ਲੋੜ ਹੈ, ਕਿਉਂ ਕਿ ਹਜ਼ਾਰਾਂ ਤਰੱਕੀਆਂ ਰੁਕ ਗਈਆਂ ਹਨ, ਸਕੂਲ ਅਧਿਆਪਕਾਂ ਤੋਂ ਸੱਖਣੇ ਹੋ ਰਹੇ ਹਨ | ਇਸ ਕਰਕੇ ਨਵੀਂ ਭਰਤੀ ਨਾ ਹੋਣਾ ਜਿਥੇ ਬੇਰੁਜ਼ਗਾਰਾਂ ਦੀ ਪੀੜ ਵਧਾਉਂਦਾ ਹੈ, ਉਥੇ ਲੱਖਾਂ ਬੱਚਿਆਂ ਦੀ ਪੜ੍ਹਾਈ 'ਤੇ ਵੀ ਮਾੜਾ ਅਸਰ ਪੈਂਦਾ ਹੈ | ਇਸ ਕਰਕੇ ਜੇ ਸਰਕਾਰ ਹੁਣ ਵੀ ਨਵੀਆਂ ਭਰਤੀਆਂ ਨਹੀਂ ਕਰਦੀ ਤਾਂ ਸਿੱਖਿਆ ਵਿਭਾਗ ਦੀਆਂ ਮੁਸ਼ਕਲਾਂ ਵਿਚ ਵੱਡਾ ਵਾਧਾ ਹੋਵੇਗਾ |
ਅਧਿਆਪਕ ਯੋਗਤਾ ਪ੍ਰੀਖਿਆ (ਟੈਟ) ਨੇ ਧੜਿਆਂ 'ਚ ਵੰਡਿਆ ਸਿੱਖਿਆ ਵਿਭਾਗ
ਅਜੀਤ ਡੈਸਕ
28-01-2026