ਸੁਰਿੰਦਰ ਕੋਛੜ
ਅੰਮਿ੍ਤਸਰ, 28 ਜਨਵਰੀ-ਵਿਸ਼ਵ 'ਚ ਅੱਤਵਾਦੀ ਸੰਗਠਨਾਂ ਵਿਚਕਾਰ ਵਧ ਰਹੇ ਤਾਲਮੇਲ ਬਾਰੇ ਇਕ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਈ ਹੈ | ਪਾਕਿਸਤਾਨ ਸਥਿਤ ਲਸ਼ਕਰ-ਏ-ਤਾਇਬਾ ਦੇ ਇਕ ਚੋਟੀ ਦੇ ਕਮਾਂਡਰ ਫ਼ੈਸਲ ਨਦੀਮ ਨੇ ਜਨਤਕ ਤੌਰ 'ਤੇ ਹਮਾਸ ਨਾਲ ਆਪਣੇ ਸੰਬੰਧਾਂ ਨੂੰ ਸਵੀਕਾਰ ਕੀਤਾ ਹੈ ਅਤੇ ਹਮਾਸ ਦੇ ਚੋਟੀ ਦੇ ਨੇਤਾਵਾਂ ਨਾਲ ਮੁਲਾਕਾਤਾਂ ਦੀ ਪੁਸ਼ਟੀ ਵੀ ਕੀਤੀ ਹੈ | ਇਸ ਨਾਲ ਅਮਰੀਕਾ ਵਲੋਂ ਅੱਤਵਾਦੀ ਵਜੋਂ ਨਾਮਜ਼ਦ ਇਨ੍ਹਾਂ ਦੋਵਾਂ ਸੰਗਠਨਾਂ ਵਿਚਕਾਰ ਵਧ ਰਹੇ ਸਹਿਯੋਗ ਬਾਰੇ ਵਿਸ਼ਵ-ਵਿਆਪੀ ਚਿੰਤਾਵਾਂ ਵਧੀਆਂ ਹਨ | ਦੱਸਣਯੋਗ ਹੈ ਕਿ ਪਾਕਿਸਤਾਨ ਸੈਂਟਰਲ ਮੁਸਲਿਮ ਲੀਗ (ਪੀ. ਐੱਮ. ਐੱਮ. ਐੱਲ.) ਦੇ ਕਮਾਂਡਰ ਫ਼ੈਸਲ ਨਦੀਮ ਨੂੰ ਲਸ਼ਕਰ ਦਾ ਰਾਜਨੀਤਿਕ ਚਿਹਰਾ ਮੰਨਿਆ ਜਾਂਦਾ ਹੈ | ਇਕ ਵੀਡੀਓ 'ਚ ਨਦੀਮ ਨੇ ਮੰਨਿਆ ਕਿ ਉਸ ਨੇ ਸਾਲ 2024 'ਚ ਕਤਰ ਦੀ ਰਾਜਧਾਨੀ ਦੋਹਾ ਵਿਚ ਹਮਾਸ ਦੇ ਸੀਨੀਅਰ ਨੇਤਾਵਾਂ ਖ਼ਾਲਿਦ ਮਸ਼ਾਲ ਸਮੇਤ ਹੋਰਨਾ ਨਾਲ ਮੁਲਾਕਾਤ ਕੀਤੀ ਸੀ | ਉਸ ਦੇ ਨਾਲ ਜੰਮੂ-ਕਸ਼ਮੀਰ 'ਚ ਪਹਿਲਗਾਮ ਅੱਤਵਾਦੀ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਸੈਫੁੱਲਾ ਕਸੂਰੀ ਵੀ ਮੌਜੂਦ ਸੀ | ਦੱਸਿਆ ਜਾ ਰਿਹਾ ਹੈ ਕਿ ਹਾਲ ਹੀ 'ਚ ਪਾਕਿਸਤਾਨ ਦੇ ਗੁੱਜਰਾਂਵਾਲਾ ਸ਼ਹਿਰ ਵਿਚ ਪੀ. ਐੱਮ. ਐੱਮ. ਐੱਲ. ਦੇ ਸਮਾਗਮ 'ਚ ਹਮਾਸ ਅਤੇ ਲਸ਼ਕਰ ਦੇ ਅੱਤਵਾਦੀ ਕਮਾਂਡਰਾਂ ਨੂੰ ਇਕੱਠਿਆਂ ਵੇਖਿਆ ਗਿਆ | ਹਮਾਸ ਦੇ ਸੀਨੀਅਰ ਕਮਾਂਡਰ ਡਾ. ਨਾਜ਼ੀ ਜ਼ਾਹਿਰ ਨੇ ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦੋਂ ਕਿ ਲਸ਼ਕਰ ਦੇ ਕਮਾਂਡਰ ਰਾਸ਼ਿਦ ਅਲੀ ਸੰਧੂ ਨੇ ਇਕ ਰਾਜਨੀਤਿਕ ਨੇਤਾ ਵਜੋਂ ਸ਼ਿਰਕਤ ਕੀਤੀ ਸੀ |
ਲਸ਼ਕਰ ਕਮਾਂਡਰ ਨੇ ਜਨਤਕ ਤੌਰ 'ਤੇ ਹਮਾਸ ਨਾਲ ਆਪਣੇ ਸੰਬੰਧਾਂ ਨੂੰ ਕੀਤਾ ਸਵੀਕਾਰ <br/>
ਅਜੀਤ ਡੈਸਕ
29-01-2026