ਚੰਡੀਗੜ੍ਹ, 28 ਜਨਵਰੀ (ਸੰਦੀਪ ਕੁਮਾਰ ਮਾਹਨਾ)ਪੰਜਾਬ 'ਚ ਐਲਾਨੀ ਗਈ 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਤਿੱਖੇ ਸਵਾਲ ਖੜੇ ਕੀਤੇ ਹਨ | ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੱਤਾ 'ਚ ਆਉਣ ਤੋਂ ਪਹਿਲਾਂ 'ਸਿਹਤ ਕ੍ਰਾਂਤੀ' ਦੇ ਜੋ ਵੱਡੇ ਦਾਅਵੇ ਕੀਤੇ ਗਏ ਸਨ, ਉਹ ਲਗਭਗ 48 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਜ਼ਮੀਨੀ ਪੱਧਰ 'ਤੇ ਲਾਗੂ ਹੁੰਦੇ ਨਜ਼ਰ ਨਹੀਂ ਆ ਰਹੇ | ਸਰਕਾਰ ਬਣਨ ਤੋਂ ਪਹਿਲਾਂ 'ਆਪ' ਵਲੋਂ ਦਾਅਵਾ ਕੀਤਾ ਗਿਆ ਸੀ ਕਿ ਸੱਤਾ 'ਚ ਆਉਂਦੇ ਹੀ ਸਿਹਤ ਸੇਵਾਵਾਂ ਮੁਫ਼ਤ ਹੋਣਗੀਆਂ ਅਤੇ ਸੂਬੇ ਅੰਦਰ 16 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ ਪਰ ਹਕੀਕਤ ਇਹ ਹੈ ਕਿ ਨਾ ਤਾਂ ਸਿਹਤ ਪ੍ਰਣਾਲੀ 'ਚ ਸੁਧਾਰ ਆਇਆ ਹੈ ਅਤੇ ਨਾ ਹੀ ਵਾਅਦੇ ਮੁਤਾਬਕ ਢਾਂਚਾਗਤ ਵਿਕਾਸ ਹੋਇਆ ਹੈ | ਉਨ੍ਹਾਂ ਦੋਸ਼ ਲਗਾਇਆ ਕਿ 2025 'ਚ ਵੀ ਪੰਜਾਬ ਦੀ ਜਨਤਾ ਨਾਲ ਝੂਠੇ ਵਾਅਦ ਕੀਤੇ ਗਏ ਅਤੇ ਹੁਣ 2026 'ਚ ਯੋਜਨਾ ਲਾਂਚ ਕਰਨ ਦੇ ਨਵੇਂ ਐਲਾਨ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ | ਚੁੱਘ ਨੇ ਸਵਾਲ ਕੀਤਾ ਕਿ ਜਦੋਂ ਪੰਜਾਬ ਸਰਕਾਰ ਪਹਿਲਾਂ ਹੀ ਲਗਭਗ 4.99 ਲੱਖ ਕਰੋੜ ਰੁਪਏ ਦੇ ਭਾਰੀ ਕਰਜ਼ੇ ਹੇਠ ਹੈ ਤਾਂ ਇੰਨੀ ਮਹਿੰਗੀ ਯੋਜਨਾ ਲਈ ਲੋੜੀਂਦਾ ਫੰਡ ਕਿਥੋਂ ਆਵੇਗਾ | ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਆਪਣੇ ਕਰਮਚਾਰੀਆਂ ਨੂੰ ਹੀ ਸਮੇਂ 'ਤੇ ਤਨਖਾਹਾਂ ਜਾਰੀ ਨਹੀਂ ਕਰ ਸਕਦੀ ਤਾਂ ਆਮ ਲੋਕਾਂ ਨੂੰ ਸਿਹਤ ਬੀਮਾ ਯੋਜਨਾ ਦਾ ਲਾਭ ਕਿਵੇਂ ਦੇਵੇਗੀ | ਇਸ ਮੌਕੇ ਪੰਜਾਬ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸੂਬਾ ਬੁਲਾਰੇ ਪਿ੍ਤਪਾਲ ਸਿੰਘ ਬਲੀਏਵਾਲ, ਮੀਡੀਆ ਮੁੱਖੀ ਵਿਨੀਤ ਜੌਸ਼ੀ, ਚਰਨਜੀਤ ਸਿੰਘ ਬਰਾੜ ਵੀ ਹਾਜ਼ਰ ਸਨ |
'ਆਪ' ਦੀ ਸਿਹਤ ਬੀਮਾ ਯੋਜਨਾ ਕਾਗਜ਼ੀ ਦਿਖਾਵਾ, ਵਿੱਤੀ ਹਕੀਕਤਾਂ ਤੋਂ ਕੋਹਾਂ ਦੂਰ-ਤਰੁਣ ਚੁੱਘ <br/>
ਅਜੀਤ ਡੈਸਕ
29-01-2026