ਚੰਡੀਗੜ੍ਹ, 1 ਫ਼ਰਵਰੀ (ਅਜੀਤ ਬਿਊਰੋ)'ਗੈਂਗਸਟਰਾਂ ਤੇ ਵਾਰ' ਮੁਹਿੰਮ ਦੇ 13ਵੇਂ ਦਿਨ ਪੰਜਾਬ ਪੁਲਿਸ ਨੇ ਸੂਬੇ ਭਰ 'ਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ 767 ਟਿਕਾਣਿਆਂ 'ਤੇ ਛਾਪੇਮਾਰੀ ਕਰਦਿਆਂ 148 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜੇ ਵਿਚੋਂ ਚਾਰ ਹਥਿਆਰ ਬਰਾਮਦ ਕੀਤੇ, ਜਿਸ ਦੇ ਨਾਲ ਮੁਹਿੰਮ ਦੀ ਸੁਰੂਆਤ ਤੋਂ ਹੁਣ ਤੱਕ ਕੁੱਲ ਗਿ੍ਫ਼ਤਾਰੀਆਂ ਦੀ ਗਿਣਤੀ 4,061 ਹੋ ਗਈ ਹੈ | ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ 14 ਭਗੌੜੇ ਅਪਰਾਧੀਆਂ ਨੂੰ ਵੀ ਗਿ੍ਫ਼ਤਾਰ ਕੀਤਾ ਹੈ | ਦੂਜੇ ਪਾਸੇ, ਪੁਲਿਸ ਟੀਮਾਂ ਨੇ ਨਸ਼ਿਆਂ ਵਿਰੁੱਧ ਆਪਣੀ ਜੰਗ ਜਾਰੀ ਰੱਖਦਿਆਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ 337ਵੇਂ ਦਿਨ 73 ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਅਤੇ ਉਨਾਂ ਦੇ ਕਬਜ਼ੇ 'ਚੋਂ 2.8 ਕਿੱਲੋ ਹੈਰੋਇਨ, 252 ਗ੍ਰਾਮ ਅਫੀਮ, 386 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 14,730 ਰੁਪਏ ਦੀ 'ਡਰੱਗ ਮਨੀ' ਬਰਾਮਦ ਕੀਤੀ ਹੈ | ਇਸ ਤਰ੍ਹਾਂ ਸਿਰਫ 337 ਦਿਨਾਂ 'ਚ ਗਿ੍ਫ਼ਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 47 ਹਜ਼ਾਰ 355 ਹੋ ਗਈ ਹੈ | ਨਸ਼ਾ ਛੁਡਾਊ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਅੱਜ 30 ਵਿਅਕਤੀਆਂ ਨੂੰ ਵੀ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ਹੈ |