ਸੂਬਾਈ ਸਰਕਾਰ ਨੇ ਪਹਿਲੀ ਵਾਰ ਕੀਤਾ ਸਰਕਾਰੀ ਛੁੱਟੀ ਦਾ ਐਲਾਨ
ਅੰਮਿ੍ਤਸਰ, 3 ਫਰਵਰੀ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੀ ਸੂਬਾਈ ਸਰਕਾਰ ਵਲੋਂ 25 ਵਰਿ੍ਹਆਂ ਬਾਅਦ ਤਿੰਨ ਰੋਜ਼ਾ ਬਸੰਤ ਮੇਲਾ 'ਜਸ਼ਨ-ਏ-ਬਸੰਤ' ਨਾਂਅ ਹੇਠ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ | ਮੁੱਖ ਮੰਤਰੀ ਮਰੀਅਮ ਨਵਾਜ਼ ਦੀ ਸਰਕਾਰ ਨੇ ਸਖ਼ਤ ਨਿਯਮਾਂ ਦੇ ਨਾਲ 6, 7 ਅਤੇ 8 ਫਰਵਰੀ ਨੂੰ ਲਾਹੌਰ 'ਚ ਬਸੰਤ ਮਨਾਉਣ ਦਾ ਐਲਾਨ ਕੀਤਾ ਹੈ | ਇਸ ਦੇ ਨਾਲ ਹੀ ਪਹਿਲੀ ਵਾਰ ਬਸੰਤ 'ਤੇ ਸਰਕਾਰੀ ਛੁੱਟੀ ਦਾ ਵੀ ਐਲਾਨ ਕੀਤਾ ਗਿਆ ਹੈ | ਇਸ ਵਾਰ ਲਾਹੌਰ ਦੇ ਕਈ ਇਲਾਕਿਆਂ ਦੇ ਚੌਕਾਂ, ਮਾਰਕੀਟਾਂ ਤੇ ਪਾਰਕਾਂ 'ਚ 'ਜਸ਼ਨ-ਏ-ਬਸੰਤ' ਦੇ ਮੱਦੇਨਜ਼ਰ ਦਿਲਖਿੱਚ ਸਜਾਵਟ ਕੀਤੀ ਗਈ ਹੈ | ਦੱਸਣਯੋਗ ਹੈ ਕਿ ਲਹਿੰਦੇ ਪੰਜਾਬ 'ਚ ਸਾਲ 2001 ਤੋਂ ਬਸੰਤ ਮੇਲਾ ਕਰਾਉਣ ਅਤੇ ਸਾਲ 2007 ਤੋਂ ਪਤੰਗਬਾਜ਼ੀ ਕਰਨ 'ਤੇ ਪਾਬੰਦੀ ਲਗਾਈ ਗਈ ਸੀ, ਕਿਉਂਕਿ ਤਿੱਖੀਆਂ ਡੋਰਾਂ ਨਾਲ ਹੋਣ ਵਾਲੀਆਂ ਮੌਤਾਂ ਅਤੇ ਗੰਭੀਰ ਸੱਟਾਂ ਦੀ ਗਿਣਤੀ ਵਧ ਰਹੀ ਸੀ | ਇਸ ਦੇ ਨਾਲ ਹੀ ਬਸੰਤ ਦੇ ਜਸ਼ਨਾਂ ਦੌਰਾਨ ਕੀਤੀ ਜਾਣ ਵਾਲੀ ਹਵਾਈ ਫਾਇਰਿੰਗ ਨਾਲ ਦਰਜ਼ਨਾਂ ਲੋਕ ਮਰ ਰਹੇ ਸਨ | ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਲਾਹੌਰ 'ਚ ਬਸੰਤ ਮਨਾਉਣ ਸੰਬੰਧੀ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਗੀ | ਫ਼ੈਸਲੇ 'ਚ ਅੱਗੇ ਕਿਹਾ ਗਿਆ ਹੈ ਕਿ ਸਾਰੇ ਮੋਟਰਸਾਈਕਲਾਂ 'ਤੇ ਸੁਰੱਖਿਆ ਰਾਡ ਲਗਾਏ ਜਾਣਗੇ ਅਤੇ ਲਾਹੌਰ 'ਚ ਸਿਰਫ਼ ਨਿਰਧਾਰਿਤ ਥਾਵਾਂ 'ਤੇ ਬਸੰਤ ਮੌਕੇ ਆਤਿਸ਼ਬਾਜ਼ੀ ਕੀਤੀ ਜਾਵੇਗੀ, ਜਦਕਿ ਹਵਾਈ ਫਾਇਰਿੰਗ 'ਤੇ ਸਖ਼ਤੀ ਨਾਲ ਰੋਕ ਲਗਾਈ ਗਈ ਹੈ | ਇਸ ਮੌਕੇ ਧਾਤੂ ਜਾਂ ਤਿੱਖੇ ਧਾਗਿਆਂ ਦੀ ਬਜਾਇ ਸਿਰਫ਼ ਸੂਤੀ ਧਾਗਿਆਂ ਨਾਲ ਹੀ ਪਤੰਗ ਉਡਾਉਣ ਦੀ ਇਜਾਜ਼ਤ ਹੋਵੇਗੀ | ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਅਤੇ ਭਾਰੀ ਜੁਰਮਾਨੇ ਲਗਾਏ ਜਾਣਗੇ |
ਲਹਿੰਦੇ ਪੰਜਾਬ 'ਚ 25 ਵਰਿ੍ਹਆਂ ਬਾਅਦ ਮਨਾਇਆ ਜਾ ਰਿਹਾ ਤਿੰਨ ਰੋਜ਼ਾ 'ਜਸ਼ਨ-ਏ-ਬਸੰਤ'
ਅਜੀਤ ਡੈਸਕ
04-02-2026