ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਨਾਲ ਨਿਵੇਸ਼ਕਾਂ 'ਚ ਖਲਬਲੀ
ਅਜੀਤ ਡੈਸਕ
05-02-2026
ਮੂਣਕ, 4 ਫਰਵਰੀ-ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਪਿਛਲੇ ਚਾਰ ਦਿਨਾਂ ਦੌਰਾਨ ਆਏ ਤੇਜ਼ ਉਤਰਾਅ-ਚੜ੍ਹਾਅ ਨੇ ਜਿਥੇ ਨਿਵੇਸ਼ਕਾਂ 'ਚ ਖਲਬਲੀ ਮਚਾ ਦਿੱਤੀ ਹੈ | ਉਥੇ ਸਾਰੇ ਦੇਸ਼ ਦੇ ਸ਼ਰਾਫ਼ਾ ਬਾਜ਼ਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ | ਸੋਨੇ ਤੇ ਚਾਂਦੀ ਦੀਆਂ ਕੀਮਤਾਂ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਪੁੱਜਣ ਤੋ ਬਾਅਦ ਪਹਿਲਾਂ ਲਗਾਤਾਰ ਤਿੰਨ ਦਿਨ ਭਾਰੀ ਗਿਰਾਵਟ ਦਰਜ ਕੀਤੀ ਗਈ ਅਤੇ ਫਿਰ ਚੌਥੇ ਦਿਨ ਅਚਾਨਕ ਵੱਡੀ ਤੇਜ਼ੀ ਨੇ ਨਿਵੇਸ਼ਕਾਂ ਨੂੰ ਸਸ਼ੋਪੰਜੇ ਵਿਚ ਪਾ ਦਿੱਤਾ ਹੈ | ਬਾਜ਼ਾਰ ਅੰਕੜਿਆਂ ਅਨੁਸਾਰ ਵਿਆਜ ਦਰਾਂ ਨੂੰ ਲੈ ਕੇ ਅਨਿਸ਼ਚਿਤਤਾ, ਮਜ਼ਬੂਤ ਡਾਲਰ ਅਤੇ ਨਿਵੇਸ਼ਕਾਂ ਵਲੋਂ ਲਾਭ ਕੱਢਣ ਕਾਰਨ ਕੀਮਤਾਂ 'ਤੇ ਭਾਰੀ ਦਬਾਅ ਬਣਿਆ ਰਿਹਾ ਅਤੇ ਤਿੰਨ ਦਿਨ ਇਤਿਹਾਸਕ ਗਿਰਾਵਟ ਤੋਂ ਬਾਅਦ ਹੁਣ ਪਿਛਲੇ ਦੋ ਦਿਨ ਤੋਂ ਸੋਨੇ-ਚਾਂਦੀ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ | ਇਸ ਗਿਰਾਵਟ ਦਾ ਸਭ ਤੋਂ ਵੱਡਾ ਅਸਰ ਛੋਟੇ ਅਤੇ ਮੱਧਮ ਦਰਜੇ ਦੇ ਨਿਵੇਸ਼ਕਾਂ 'ਤੇ ਪਿਆ, ਜਿਨ੍ਹਾਂ ਨੂੰ ਨੁਕਸਾਨ ਸਹਿਣਾ ਪਿਆ | ਹਾਲਾਂਕਿ, ਚੌਥੇ ਦਿਨ ਬਾਜ਼ਾਰ ਨੇ ਹੈਰਾਨੀਜਨਕ ਮੋੜ ਲਿਆ | ਐਮ.ਸੀ.ਐਕਸ. 'ਤੇ ਸੋਨੇ ਦੇ ਭਾਅ ਵਿਚ ਲਗਭਗ 7,000 ਰੁਪਏ ਪ੍ਰਤੀ 10 ਗ੍ਰਾਮ ਦਾ ਉਛਾਲ ਆਇਆ, ਜਦਕਿ ਚਾਂਦੀ ਦੇ ਭਾਅ ਕਰੀਬ 16,000 ਰੁਪਏ ਪ੍ਰਤੀ ਕਿੱਲੋ ਵਧ ਗਏ ਅਤੇ ਅੱਜ ਪੰਜਵੇਂ ਦਿਨ ਵੀ ਸੋਨੇ ਤੇ ਚਾਂਦੀ ਦੇ ਭਾਅ ਵਾਧਾ ਦਰਜ ਕੀਤਾ ਗਿਆ | ਮਾਹਿਰਾਂ ਅਨੁਸਾਰ, ਅੰਤਰਰਾਸ਼ਟਰੀ ਮੰਗ ਵਿਚ ਵਾਧਾ, ਭੂ-ਰਾਜਨੀਤਿਕ ਤਣਾਅ ਅਤੇ ਡਿੱਗੇ ਭਾਅ 'ਤੇ ਖ਼ਰੀਦਦਾਰੀ ਨੇ ਕੀਮਤਾਂ ਨੂੰ ਮੁੜ ਉਚਾਈ 'ਤੇ ਪਹੁੰਚਾਇਆ | ਇਸ ਉਤਾਰ-ਚੜ੍ਹਾਅ ਨਾਲ ਬਾਜ਼ਾਰ ਵਿਚ ਡਰ ਅਤੇ ਆਸ ਦੋਵੇਂ ਦਾ ਮਾਹੌਲ ਬਣਿਆ ਹੋਇਆ ਹੈ | ਜਿਥੇ ਇਕ ਪਾਸੇ ਛੋਟੇ ਨਿਵੇਸ਼ਕ ਸਾਵਧਾਨੀ ਵਰਤ ਰਹੇ ਹਨ, ਉਥੇ ਹੀ ਲੰਬੇ ਸਮੇਂ ਦੇ ਨਿਵੇਸ਼ਕ ਇਸ ਉਤਰਾਅ-ਚੜਾਅ ਨੂੰ ਮੌਕਾ ਮੰਨ ਰਹੇ ਹਨ | ਵਿੱਤ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਤੇਜ਼ ਹਲਚਲ ਜਾਰੀ ਰਹਿ ਸਕਦੀ ਹੈ | ਨਿਵੇਸ਼ਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਜਜ਼ਬਾਤੀ ਫ਼ੈਸਲਿਆਂ ਤੋਂ ਬਚਣ, ਜੋਖ਼ਮ ਪ੍ਰਬੰਧਨ 'ਤੇ ਧਿਆਨ ਦੇਣ ਅਤੇ ਸੋਚ-ਵਿਚਾਰ ਨਾਲ ਹੀ ਨਿਵੇਸ਼ ਕਰਨ |