ਕੌਹਰੀਆਂ, 4 ਫਰਵਰੀ (ਸੁਨੀਲ ਕੁਮਾਰ ਗਰਗ)-ਸੰਗਰੂਰ ਦੇ ਪਿੰਡ ਰੋਗਲਾ ਦੇ ਮੁੰਡੇ-ਕੁੜੀ ਦੇ ਆਪਸ ਵਿਚ ਵਿਆਹ ਕਰਵਾਉਣ ਉਪਰੰਤ ਮਾਮਲਾ ਮਹਿਲਾ ਕਮਿਸ਼ਨ ਦੇ ਦਰਬਾਰ ਪਹੁੰਚ ਗਿਆ ਹੈ, ਜਿਸ ਨੂੰ ਲੈ ਕੇ ਡੀ.ਐਸ.ਪੀ. ਰੁਪਿੰਦਰ ਕੌਰ ਬਾਜਵਾ ਦਿੜ੍ਹਬਾ ਨੇ ਵਿਆਹੁਤਾ ਜੋੜੇ ਅਤੇ ਬਾਈਕਾਟ ਦਾ ਮਤਾ ਪਾਉਣ ਵਾਲੀ ਪੰਚਾਇਤ ਨੂੰ ਆਪਣੇ ਦਫ਼ਤਰ ਵਿਖੇ ਬੁਲਾਇਆ | ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਪੰਜਾਬ ਮਹਿਲਾ ਰਾਜ ਕਮਿਸ਼ਨ ਵਲੋਂ ਨੋਟਿਸ ਤੋਂ ਬਾਅਦ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ | ਇਨ੍ਹਾਂ ਨੂੰ ਸਮਝਾਇਆ ਗਿਆ ਹੈ ਕਿ 21ਵੀਂ ਸਦੀ ਹੈ ਹਰ ਇੱਕ ਨੂੰ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਊਣ ਦਾ ਹੱਕ ਹੈ | ਉਨ੍ਹਾਂ ਕਿਹਾ ਕਿ ਅਸੀਂ ਗੱਲਬਾਤ ਕਰ ਰਹੇ ਆ ਕਿ ਪੰਚਾਇਤ ਪਾਇਆ ਗਿਆ ਮਤਾ ਵਾਪਸ ਲਵੇ | ਇਸ ਤਰੀਕੇ ਨਾਲ ਕਾਨੂੰਨ ਦੀ ਉਲੰਘਣਾ ਕਰ ਕੇ ਮਤਾ ਨਹੀਂ ਪਾਇਆ ਜਾ ਸਕਦਾ, ਕਿਉਂਕਿ 18 ਸਾਲ ਤੋਂ ਉੱਪਰ ਹਰੇਕ ਇਨਸਾਨ ਨੂੰ ਹੱਕ ਹੈ ਕਿ ਉਹ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਸਕਦਾ ਹੈ ਅਤੇ ਆਪਣੀ ਜ਼ਿੰਦਗੀ ਸਬੰਧੀ ਫ਼ੈਸਲਾ ਲੈ ਸਕਦਾ ਹੈ, ਜਿਸ ਲੜਕੀ ਨੇ ਸ਼ਾਦੀ ਕਰਵਾਈ ਹੈ, ਉਸ ਨਾਲ ਵੀ ਗੱਲਬਾਤ ਕੀਤੀ ਹੈ ਕਿ ਉਨ੍ਹਾਂ ਨੂੰ ਕੋਈ ਡਰਾ ਧਮਕਾ ਤਾਂ ਨਹੀਂ ਰਿਹਾ ਜਾਂ ਪਿੰਡ 'ਚੋਂ ਬਾਹਰ ਕੱਢਣ ਦੀ ਗੱਲ ਕਹਿ ਰਿਹਾ ਹੈ | ਸਾਰੀਆਂ ਚੀਜ਼ਾਂ ਦੇ ਉਪਰ ਦੋਵਾਂ ਧਿਰਾਂ ਨੂੰ ਸੁਣਿਆ ਗਿਆ ਹੈ ਇਸ ਦੀ ਰਿਪੋਰਟ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ, ਜੋ ਵੀ ਆਦੇਸ਼ ਹੋਣਗੇ, ਉਸ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ |