ਚੁਰਾਚਾਂਦਰਪੁਰ/ਇੰਫਾਲ, 6 ਫਰਵਰੀ (ਪੀ.ਟੀ.ਆਈ.)-ਮਨੀਪੁਰ ਦੇ ਦੋ ਆਦਿਵਾਸੀ ਸੰਗਠਨਾਂ ਨੇ ਸੂਬੇ 'ਚ ਸਰਕਾਰ ਗਠਨ 'ਚ ਕੁੱਕੀ-ਜੋ ਭਾਈਚਾਰੇ ਦੇ ਇਕ ਵਿਧਾਇਕ ਦੀ ਭਾਗੀਦਾਰੀ ਦੇ ਵਿਰੋਧ 'ਚ ਚੁਰਾਚਾਂਦਪੁਰ ਜ਼ਿਲ੍ਹੇ ਵਿਚ ਮੁਕੰਮਲ ਬੰਦ ਦਾ ਸੱਦਾ ਦਿੱਤਾ ਗਿਆ ਸੀ | ਜਿਸ ਦੇ ਚਲਦੇ ਕੁੱਕੀ-ਜੋ ਬਹੁਲ ਜ਼ਿਲ੍ਹੇ 'ਚ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ | ਸਥਾਨਕ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਬੰਦ ਦੇ ਸਮਰਥਕਾਂ ਨੇ ਅੱਜ ਸਵੇਰੇ ਜ਼ਿਲ੍ਹਾ ਹੈੱਡਕੁਆਰਟਰ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਵਾਹਨਾਂ ਨੂੰ ਰੋਕ ਦਿੱਤਾ | ਅਧਿਕਾਰੀਆਂ ਨੇ ਦੱਸਿਆ ਕਿ ਬਾਜ਼ਾਰ ਬੰਦ ਰਹੇ ਅਤੇ ਸੜਕਾਂ 'ਤੇ ਆਵਾਜਾਈ ਘੱਟ ਸੀ | ਉਨ੍ਹਾਂ ਇਹ ਵੀ ਕਿਹਾ ਕਿ ਵਿਦਿਅਕ ਅਤੇ ਸਰਕਾਰੀ ਦਫ਼ਤਰਾਂ ਵਿਚ ਹਾਜ਼ਰੀ ਘੱਟ ਸੀ | ਕੁੱਕੀ ਸਟੂਡੈਂਟਸ ਯੂਨੀਅਨ ਦੀ ਚੁਰਾਚਾਂਦਪੁਰ ਇਕਾਈ ਨੇ ਸ਼ੁੱਕਰਵਾਰ ਅੱਧੀ ਰਾਤ ਤੋਂ ਜ਼ਿਲ੍ਹੇ ਵਿਚ 24 ਘੰਟੇ ਦੇ ਮੁਕੰਮਲ ਬੰਦ ਦਾ ਸੱਦਾ ਦਿੱਤਾ ਹੈ, ਜਦੋਂਕਿ ਇਕ ਹੋਰ ਸੰਗਠਨ, ਜੁਆਇੰਟ ਫੋਰਮ ਆਫ਼ ਸੇਵਨ (ਜੇ.ਐਫ.7) ਨੇ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਕੁੱਕੀ-ਜੋ ਖੇਤਰਾਂ ਵਿਚ ਬੰਦ ਰੱਖਿਆ | ਜ਼ਿਲ੍ਹਾ ਹੈੱਡਕੁਆਰਟਰ ਸ਼ਹਿਰ ਦੇ ਟੂਈਬੋਂਗ ਖੇਤਰ ਵਿਚ ਬੰਦ ਦਾ ਸਭ ਤੋਂ ਵੱਧ ਅਸਰ ਦਿਖਾਈ ਦਿੱਤਾ | ਅਧਿਕਾਰੀਆਂ ਨੇ ਕਿਹਾ ਕਿ ਜ਼ਿਲ੍ਹੇ 'ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਜ਼ਿਲ੍ਹਾ ਹੈੱਡਕੁਆਰਟਰ ਸ਼ਹਿਰ ਵਿਚ ਜਨਤਕ ਥਾਵਾਂ 'ਤੇ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ | ਕੁੱਕੀ ਮਹਿਲਾ ਮਨੁੱਖੀ ਅਧਿਕਾਰ ਸੰਗਠਨ ਨੇ ਕਿਹਾ ਕਿ ਇਹ ਵਿਰੋਧ ਪ੍ਰਦਰਸ਼ਨ ਮÏਜੂਦਾ ਸਥਿਤੀ ਵਿਚ ਰਾਜ ਸਰਕਾਰ ਦੇ ਗਠਨ ਵਿਚ ਕੁਕੀ-ਜ਼ੋ ਵਿਧਾਇਕਾਂ ਦੀ ਭਾਗੀਦਾਰੀ ਨੂੰ ਸ਼ਾਮਿਲ ਕਰਨ ਵਾਲੇ ਕਿਸੇ ਵੀ ਕਦਮ ਦਾ ਸਖ਼ਤ ਵਿਰੋਧ ਕਰਨ ਲਈ ਸੀ | ਵੀਰਵਾਰ ਸ਼ਾਮ ਨੂੰ ਟੂਈਬੋਂਗ ਫੋਰੈਸਟ ਗੇਟ ਨੇੜੇ ਭੀੜ ਅਤੇ ਸੁਰੱਖਿਆ ਬਲਾਂ ਵਿਚਕਾਰ ਝੜਪਾਂ ਹੋਈਆਂ | ਸੁਰੱਖਿਆ ਬਲਾਂ ਨੇ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ, ਜਿਸ ਨਾਲ ਪੱਥਰਬਾਜ਼ੀ ਵੀ ਹੋਈ | ਅਧਿਕਾਰੀਆਂ ਨੇ ਕਿਹਾ ਕਿ ਝੜਪਾਂ ਸ਼ੁੱਕਰਵਾਰ ਸਵੇਰੇ 3 ਵਜੇ ਤੱਕ ਜਾਰੀ ਰਹੀਆਂ, ਜਿਸ ਵਿਚ ਦੋ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ¢