ਅੰਮਿ੍ਤਸਰ, 6 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਰੇਕੋ ਡਿਕ ਮਾਈਨਿੰਗ ਪ੍ਰੋਜੈਕਟ 'ਚ ਅਮਰੀਕਾ ਨੇ 1.3 ਅਰਬ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਹੈ | ਪਾਕਿਸਤਾਨੀ ਮੀਡੀਆ ਮੁਤਾਬਿਕ ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਹ ਵੱਡਾ ਨਿਵੇਸ਼ 'ਪ੍ਰੋਜੈਕਟ ਵਾਲਟ' ਦੇ ਤਹਿਤ ਕੀਤਾ ਜਾਵੇਗਾ | ਪਾਕਿ ਦੇ ਸੂਬਾ ਬਲੋਚਿਸਤਾਨ 'ਚ ਸਥਿਤ ਦੁਨੀਆ ਦੇ ਸਭ ਤੋਂ ਵੱਡੇ ਅਣਵਰਤੇ ਤਾਂਬੇ ਅਤੇ ਸੋਨੇ ਦੇ ਭੰਡਾਰਾਂ 'ਚੋਂ ਇਕ ਮੰਨੇ ਜਾਂਦੇ ਰੇਕੋ ਡਿਕ ਪ੍ਰੋਜੈਕਟ ਬਾਰੇ ਪਾਕਿ ਦੇ ਪੈਟਰੋਲੀਅਮ ਮੰਤਰਾਲੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਕੋ ਡਿਕ ਮਾਈਨਿੰਗ ਪ੍ਰੋਜੈਕਟ 'ਚ ਸੋਨੇ ਅਤੇ ਤਾਂਬੇ ਦਾ ਉਤਪਾਦਨ ਦਸੰਬਰ 2028 ਵਿਚ ਸ਼ੁਰੂ ਹੋ ਜਾਵੇਗਾ | ਅਧਿਕਾਰੀਆਂ ਨੇ ਕਿਹਾ ਕਿ ਰੇਕੋ ਡਿਕ ਪ੍ਰੋਜੈਕਟ 'ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਉਤਪਾਦਨ ਦਾ ਟੀਚਾ ਤਿੰਨ ਸਾਲਾਂ ਦੇ ਅੰਦਰ ਨਿਰਧਾਰਿਤ ਕੀਤਾ ਗਿਆ ਹੈ | ਹਾਲਾਂਕਿ, ਪਾਕਿਸਤਾਨੀ ਫ਼ੌਜ ਨੂੰ ਇਸ ਖੇਤਰ 'ਚ ਬਾਗ਼ੀ ਸਮੂਹ ਬੀ. ਐੱਲ. ਏ. (ਬਲੋਚ ਲਿਬਰੇਸ਼ਨ ਆਰਮੀ) ਤੋਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬੀ. ਐੱਲ. ਏ. ਨੇ ਬਲੋਚਿਸਤਾਨ ਦੀ ਖਣਿਜ ਸੰਪਤੀ ਨੂੰ ਦੂਜੇ ਦੇਸ਼ਾਂ 'ਚ ਤਬਦੀਲ ਕਰਨ ਦਾ ਲਗਾਤਾਰ ਵਿਰੋਧ ਕੀਤਾ ਹੈ | ਇਸ ਲਈ ਅਮਰੀਕਾ ਅਤੇ ਪਾਕਿ ਨੂੰ ਇਥੇ ਮਾਈਨਿੰਗ ਲਈ ਬੀ. ਐੱਲ. ਏ. ਨਾਲ ਵੀ ਟਾਕਰਾ ਕਰਨਾ ਪਵੇਗਾ | ਦੱਸਣਯੋਗ ਹੈ ਕਿ ਰੇਕੋ ਡਿਕ ਖਾਨ ਇਕ ਯੋਜਨਾਬੱਧ ਮਾਈਨਿੰਗ ਆਪ੍ਰੇਸ਼ਨ ਹੈ, ਜੋ ਕਿ ਬਲੋਚਿਸਤਾਨ ਸੂਬੇ ਦੇ ਚਾਗਾਈ ਜ਼ਿਲ੍ਹੇ 'ਚ ਰੇਕੋ ਡਿਕ ਕਸਬੇ ਦੇ ਨੇੜੇ ਸਥਿਤ ਹੈ | ਅਮਰੀਕੀ ਵਿਦੇਸ਼ ਵਿਭਾਗ ਨੇ ਪ੍ਰੋਜੈਕਟ ਵਾਲਟ ਦਾ ਉਦੇਸ਼ ਮਹੱਤਵਪੂਰਨ ਖਣਿਜਾਂ ਅਤੇ ਦੁਰਲੱਭ ਧਾਤਾਂ ਲਈ ਗਲੋਬਲ ਬਾਜ਼ਾਰ ਨੂੰ ਮੁੜ ਆਕਾਰ ਦੇਣਾ ਦੱਸਿਆ ਹੈ | ਵਿਦੇਸ਼ ਵਿਭਾਗ ਨੇ ਕਿਹਾ ਕਿ ਰੇਕੋ ਡਿਕ ਪ੍ਰੋਜੈਕਟ ਵਾਲਟ ਲਈ ਸੰਯੁਕਤ ਰਾਜ ਤੋਂ ਬਾਹਰ ਕੀਤਾ ਗਿਆ ਇੱਕੋ ਇਕ ਨਿਵੇਸ਼ ਹੈ | ਇਸ ਪ੍ਰੋਜੈਕਟ ਦੀ ਅਗਵਾਈ ਕਰਨ ਵਾਲੇ ਸੰਯੁਕਤ ਰਾਜ ਨਿਰਯਾਤ-ਆਯਾਤ ਬੈਂਕ (ਈ. ਐਕਸ. ਆਈ. ਐੱਮ.) ਨੇ ਪ੍ਰੋਜੈਕਟ ਲਈ 10 ਅਰਬ ਡਾਲਰ ਦੇ ਕਰਜ਼ੇ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਕਿ ਬੈਂਕ ਵਲੋਂ ਦਿੱਤੇ ਗਏ ਹੁਣ ਤੱਕ ਦੇ ਸਭ ਤੋਂ ਵੱਡੇ ਕਰਜ਼ਿਆਂ 'ਚੋਂ ਇਕ ਹੈ |