29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਕੀ ਕਾਂਗਰਸ 'ਚ ਬੀਬੀ ਸਿੱਧੂ ਦੀ ਵਾਪਸੀ ਕਰਵਾ ਪਾਉਣਗੇ ਚੰਨੀ ਜਾਂ ਸਿੱਧੂ ਜੋੜਾ ਭਾਜਪਾ 'ਚ ਹੋਵੇਗਾ ਸ਼ਾਮਿਲ

Ad Position 21
No active advertisement
ਅਜੀਤ ਡੈਸਕ 07-02-2026

ਚੰਡੀਗੜ੍ਹ, 6 ਫਰਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੋਂ ਐਨ ਪਹਿਲਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵਲੋਂ ਕਾਂਗਰਸ ਨੂੰ ਅਲਵਿਦਾ ਕਹਿਣ ਤੋਂ ਬਾਅਦ ਕਾਂਗਰਸ ਪਾਰਟੀ ਵਿਚ ਇਸ ਮੁੱਦੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਅਤੇ ਮੱਤ ਸਾਹਮਣੇ ਆ ਰਹੇ ਹਨ | ਜਿਥੇ ਕਈ ਸੀਨੀਅਰ ਆਗੂਆਂ ਸਮੇਤ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੀਬੀ ਨਵਜੋਤ ਕੌਰ ਸਿੱਧੂ 'ਤੇ ਕਈ ਟਿੱਪਣੀਆਂ ਕਰਦਿਆਂ ਉਨ੍ਹਾਂ ਦੇ ਪਾਰਟੀ ਨੂੰ ਛੱਡ ਜਾਣ ਨੂੰ ਪਾਰਟੀ ਲਈ ਚੰਗਾ ਕਰਾਰ ਦਿੱਤਾ ਹੈ, ਉਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਬੀਬੀ ਨਵਜੋਤ ਕੌਰ ਸਿੱਧੂ ਦੀ ਪਾਰਟੀ 'ਚ ਮੁੜ ਵਾਪਸੀ ਲਈ ਯਤਨ ਕੀਤੇ ਜਾ ਰਹੇ ਹਨ | ਜ਼ਿਕਰਯੋਗ ਹੈ ਕਿ ਉਨ੍ਹਾਂ ਬੀਤੇ ਦਿਨੀਂ ਇਹ ਬਿਆਨ ਵੀ ਦਿੱਤਾ ਸੀ ਕਿ ਪਾਰਟੀ ਵਿਚ ਇਹ ਸਭ ਚੱਲਦਾ ਰਹਿੰਦਾ ਹੈ ਅਤੇ ਉਹ ਬੀਬੀ ਸਿੱਧੂ ਦੀ ਵਾਪਸੀ ਲਈ ਹਾਈਕਮਾਨ ਤੱਕ ਪਹੁੰਚ ਕਰਨਗੇ | ਜਾਣਕਾਰੀ ਅਨੁਸਾਰ ਚੰਨੀ ਵਲੋਂ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਦਿੱਲੀ ਦਰਬਾਰ ਵਿਚ ਸੀਨੀਅਰ ਲੀਡਰਸ਼ਿਪ ਨਾਲ ਸੰਪਰਕ ਸਾਧ ਕੇ ਬੀਬੀ ਸਿੱਧੂ ਦੇ ਪੱਖ ਵਿਚ ਆਪਣੀ ਗੱਲ ਰੱਖੀ ਜਾ ਰਹੀ ਹੈ ਪਰ ਅਜੇ ਤੱਕ ਹਾਈਕਮਾਨ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਹੈ | ਦੱਸਿਆ ਜਾ ਰਿਹਾ ਹੈ ਕਿ ਪਾਰਟੀ ਦੀ ਬਹੁਤੀ ਲੀਡਰਸ਼ਿਪ ਨੇ ਹਾਈਕਮਾਨ ਕੋਲ ਬੀਬੀ ਸਿੱਧੂ ਦੇ ਖ਼ਿਲਾਫ਼ ਆਪਣੀ ਰਾਏ ਦਿੱਤੀ ਹੈ ਕਿ ਜੇਕਰ ਉਹ ਹੁਣ ਖ਼ੁਦ ਪਾਰਟੀ ਛੱਡ ਕੇ ਚਲੇ ਗਏ ਹਨ ਤਾਂ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਹੀ ਰੱਖਿਆ ਜਾਵੇ, ਕਿਉਂਕਿ ਇਹ ਨਾ ਹੋਵੇ ਕਿ ਉਨ੍ਹਾਂ ਨੂੰ ਪਾਰਟੀ 'ਚ ਲਿਆਉਣ ਤੋਂ ਬਾਅਦ ਵਿਧਾਨ ਸਭਾ ਚੋਣਾਂ ਦੇ ਨੇੜੇ ਆ ਕੇ ਉਹ ਫਿਰ ਪਾਰਟੀ ਦੇ ਨੁਕਸਾਨ ਲਈ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ | ਉਧਰ, ਬੀਬੀ ਸਿੱਧੂ ਨੇ ਇਕ ਅਹਿਮ ਬਿਆਨ ਦੌਰਾਨ ਇਥੋਂ ਤੱਕ ਕਹਿ ਦਿੱਤਾ ਹੈ ਕਿ ਉਨ੍ਹਾਂ ਦੇ ਪਤੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਨਾਲ ਚੰਡੀਗੜ੍ਹ ਪੰਜਾਬ ਨੂੰ ਦੇਣ ਬਾਰੇ ਗੰਭੀਰਤਾ ਨਾਲ ਗੱਲ ਕੀਤੀ ਸੀ ਅਤੇ ਕਿਹਾ ਸੀ ਕਿ ਉਹ (ਰਾਹੁਲ ਗਾਂਧੀ) ਇਹ ਬਿਆਨ ਦੇਣ ਕਿ ਸਰਕਾਰ ਬਣਨ 'ਤੇ ਚੰਡੀਗੜ੍ਹ ਪੰਜਾਬ ਨੂੰ ਸੌਂਪਿਆ ਜਾਵੇਗਾ ਪਰ ਉਨ੍ਹਾਂ ਵਲੋਂ ਸਿੱਧੂ ਦੀ ਗੱਲ ਨੂੰ ਤਵੱਜੋ ਨਹੀਂ ਦਿੱਤੀ ਗਈ | ਇਕ ਪਾਸੇ ਬੀਬੀ ਸਿੱਧੂ ਦੀ ਵਾਪਸੀ ਲਈ ਯਤਨ ਕੀਤੇ ਜਾ ਰਹੇ ਹਨ ਪਰ ਜਿਸ ਤਰੀਕੇ ਬੀਬੀ ਸਿੱਧੂ ਨੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ਿਲਾਫ਼ ਤਿੱਖੀਆਂ ਟਿੱਪਣੀਆਂ ਅਤੇ ਬਿਆਨਬਾਜ਼ੀ ਕੀਤੀ ਹੈ, ਉਸ ਨੂੰ ਹਾਈਕਮਾਨ ਵੀ ਗੰਭੀਰਤਾ ਨਾਲ ਲੈ ਰਹੀ ਹੈ | ਪਾਰਟੀ ਦੇ ਅੰਦਰ ਅਤੇ ਬਾਹਰ ਹੁਣ ਕਈ ਤਰ੍ਹਾਂ ਦੀਆਂ ਸਿਆਸੀ ਚਰਚਾਵਾਂ ਨੇ ਜ਼ੋਰ ਫੜਿਆ ਹੋਇਆ ਹੈ ਕਿ ਜੇਕਰ ਚੰਨੀ ਬੀਬੀ ਸਿੱਧੂ ਦੀ ਵਾਪਸੀ ਕਰਾਉਣ ਵਿਚ ਅਸਫ਼ਲ ਸਾਬਤ ਹੁੰਦੇ ਹਨ ਤਾਂ ਕੀ ਸਿੱਧੂ ਜੋੜਾ ਮੁੜ ਭਾਜਪਾ ਵਿਚ ਸ਼ਾਮਿਲ ਹੋ ਸਕਦਾ ਹੈ | ਹਾਲਾਂਕਿ, ਬੀਬੀ ਸਿੱਧੂ ਨੇ ਪਿਛਲੇ ਦਿਨੀਂ ਇਸ ਸੰਬੰਧੀ ਵੀ ਆਪਣੇ ਸੋਸ਼ਲ ਮੀਡੀਆ ਖਾਤੇ 'ਤੇ ਸਪੱਸ਼ਟ ਲਿਖਿਆ ਸੀ ਕਿ ਉਹ ਅਜੇ ਕਿਸੇ ਵੀ ਪਾਰਟੀ ਦੇ ਸੰਪਰਕ ਵਿਚ ਨਹੀਂ ਹਨ ਅਤੇ ਉਹ ਐਨ.ਜੀ.ਓ. ਦੇ ਜ਼ਰੀਏ ਹੀ ਪੰਜਾਬ ਅਤੇ ਪੰਜਾਬੀਆਂ ਲਈ ਕੰਮ ਕਰਦੇ ਰਹਿਣਗੇ ਪਰ ਕਈ ਭਾਜਪਾ ਆਗੂਆਂ ਨਾਲ ਉਨ੍ਹਾਂ ਦਾ ਸੰਪਰਕ ਅਤੇ ਮਿਲਣੀਆਂ ਨੇ ਇਸ ਗੱਲ ਨੂੰ ਹੋਰ ਹਵਾ ਦੇ ਦਿੱਤੀ ਕਿ ਉਹ ਖ਼ੁਦ ਵੀ ਹੁਣ ਕਾਂਗਰਸ ਵਿਚ ਵਾਪਸੀ ਦੇ ਮੂਡ 'ਚ ਨਹੀਂ ਹਨ | ਜਿਸ ਤਰ੍ਹਾਂ ਪਿਛਲੇ ਦਿਨੀਂ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ 'ਤੇ ਆਉਣ ਤੋਂ ਪਹਿਲਾਂ ਹੀ ਤਾਰੀਫ ਕੀਤੀ ਸੀ, ਉਸ ਤੋਂ ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਬੀਬੀ ਸਿੱਧੂ ਜਲਦ ਭਾਜਪਾ ਵਿਚ ਸ਼ਾਮਿਲ ਹੋਣਗੇ ਪਰ ਅਜੇ ਦੋਵੇਂ ਹੀ ਪਾਸੇ ਚੁੱਪ ਪਸਰੀ ਹੋਈ ਹੈ, ਨਾ ਤਾਂ ਭਾਜਪਾ ਵਾਲੇ ਪਾਸੇ ਇਸ ਸੰਬੰਧੀ ਕੋਈ ਗੱਲ ਕਰ ਰਿਹਾ ਹੈ ਅਤੇ ਨਾ ਹੀ ਬੀਬੀ ਸਿੱਧੂ ਇਸ ਸੰਬੰਧੀ ਕੋਈ ਪ੍ਰਤੀਕਿਰਿਆ ਦੇ ਰਹੇ ਹਨ | ਉਧਰ, ਕਾਂਗਰਸ ਦੇ ਦਿੱਲੀ ਦਰਬਾਰ ਦੇ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਨੇ ਪਾਰਟੀ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੂੰ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਪਾਰਟੀ ਵਿਚ ਕਿਸੇ ਵੀ ਕਿਸਮ ਦੀ ਅਨੁਸ਼ਾਸਨਹੀਣਤਾ ਕਰਨ ਵਾਲੇ ਆਗੂਆਂ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਕੈਰੋਂ ਦੇ ਸਾਹਿਤਿਕ ਰਸਾਲੇ 'ਪਰਵਾਜ਼' ਦਾ ਲੋਕ ਅਰਪਣ ਯਾਦਗਾਰੀ ਸਮਾਗਮ ਹੋ ਨਿੱਬੜਿਆ... ਅਗਲੀ ਖ਼ਬਰ ਪਾਕਿਸਤਾਨ ਦੇ ਰੇਕੋ ਡਿਕ ਮਾਈਨਿੰਗ ਪ੍ਰੋਜੈਕਟ 'ਚ ਅਮਰੀਕਾ ਕਰੇਗਾ 1.3 ਅਰਬ ਡਾਲਰ ਦਾ ਨਿਵੇਸ਼ ਮਾਈਨਿੰਗ ਲਈ ਬਲੋਚ ਲਿਬਰ...
Ad Position 24