ਰਈਆ (ਅੰਮਿ੍ਤਸਰ), 21 ਫਰਵਰੀ (ਸ਼ਰਨਬੀਰ ਸਿੰਘ ਕੰਗ)-ਬੀਤੀ ਰਾਤ ਦੁਸ਼ਮਣ ਦੇਸ਼ ਦੀਆਂ ਤਾਕਤਾਂ ਵਲੋਂ ਕੀਤੀ ਗਈ ਅੱਤਵਾਦੀ ਘਟਨਾ ਦੌਰਾਨ ਪੁਲਿਸ ਚੌਕੀ ਰਈਆ ਨੂੰ ਆਈ. ਈ. ਡੀ. ਧਮਾਕੇ ਨਾਲ ਉਡਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ ਪਰ ਇਸ ਦਾ ਸਮੇਂ ਸਿਰ ਪਤਾ ਲਗ ਜਾਣ ਨਾਲ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ | ਜਾਣਕਾਰੀ ਅਨੁਸਾਰ ਦੋਸ਼ੀਆਂ ਨੇ ਪੁਲਿਸ ਚੌਕੀ ਦੇ ਪਿਛਲੇ ਪਾਸੇ ਆਈ. ਈ. ਡੀ. ਲਗਾ ਦਿੱਤੀ ਪਰ ਪੁਲਿਸ ਨੂੰ ਸਮੇਂ ਸਿਰ ਪਤਾ ਲਗ ਜਾਣ ਕਰਕੇ ਪੁਲਿਸ ਦੇ ਬੰਬ ਵਿਰੋਧੀ ਦਸਤੇ ਨੇ ਰਾਤ ਹੀ ਘਟਨਾ ਸਥਾਨ 'ਤੇ ਪਹੁੰਚ ਕੇ ਬੰਬ ਨੂੰ ਨਕਾਰਾ ਕਰ ਦਿੱਤਾ | ਇਸ ਘਟਨਾ ਦਾ ਪੁਲਿਸ ਨੂੰ ਕਿਵੇਂ ਪਤਾ ਲੱਗਾ ਫਿਲਹਾਲ ਪੁਲਿਸ ਅਧਿਕਾਰੀਆਂ ਨੇ ਇਸ ਮਸਲੇ 'ਤੇ ਚੁੱਪ ਵੱਟੀ ਹੋਈ ਹੈ | ਵਰਨਣਯੋਗ ਹੈ ਕਿ ਪੁਲਿਸ ਚੌਕੀ ਦੇ ਪਿਛਲੇ ਪਾਸੇ ਮੁਸਲਮਾਨ ਭਾਈਚਾਰੇ ਦੀ ਮਸਜਿਦ ਵੀ ਹੈ, ਜੇ ਧਮਾਕਾ ਹੋ ਜਾਂਦਾ ਤਾਂ ਪੁਲਿਸ ਦੇ ਨਾਲ-ਨਾਲ ਮਸਜਿਦ ਵੀ ਇਸ ਦੀ ਲਪੇਟ ਵਿਚ ਆ ਸਕਦੀ ਸੀ ਤੇ ਉਥੇ ਰਹਿ ਰਹੇ ਲੋਕਾਂ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ | ਪੁਲਿਸ ਦੇ ਉਚ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ | ਪੁਲਿਸ ਨੇ ਥਾਣਾ ਬਿਆਸ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |