ਕਿਹਾ, ਹਰਿਆਣਾ 'ਚ 2 ਲੱਖ ਤੋਂ ਵੱਧ ਸਰਕਾਰੀ ਨੌਕਰੀਆਂ, 'ਪਰਚੀ ਤੇ ਖ਼ਰਚੀ' ਤੋਂ ਬਿਨਾਂ ਦਿੱਤੀਆਂ
ਚੰਡੀਗੜ੍ਹ, 21 ਫ਼ਰਵਰੀ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ 'ਚ ਭਾਰਤੀ ਜਨਤਾ ਪਾਰਟੀ ਪੰਜਾਬ ਇਕਾਈ ਦੇ ਮੁੱਖ ਦਫ਼ਤਰ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਦੇ ਪ੍ਰਮੁੱਖ ਭਾਜਪਾ ਆਗੂਆਂ ਦੀ ਸ਼ਮੂਲੀਅਤ ਵਾਲੇ ਸਮਾਗਮ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸੰਬੰਧਿਤ ਹਿੰਦੁਸਤਾਨ ਸਟੂਡੈਂਟਸ ਐਸੋਸੀਏਸ਼ਨ 200 ਤੋਂ ਵੱਧ ਵਿਦਿਆਰਥੀ ਤੇ ਨੌਜਵਾਨ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋਏ | ਨਾਇਬ ਸਿੰਘ ਸੈਣੀ ਨੇ ਕਿਹਾ ਪੰਜਾਬ 'ਚ ਪਿਛਲੀਆਂ ਸਰਕਾਰਾਂ ਨੇ ਸਿਵਾਏ ਨਸ਼ਾਖੋਰੀ ਅਤੇ ਬੰਦੂਕ ਸੱਭਿਆਚਾਰ ਨੂੰ ਵਧਾਉਣ ਸਿਵਾਏ ਦੇ ਕੁਝ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ, ਜੋ ਨਸ਼ੇ ਨੂੰ ਰੋਕਣ 'ਤੇ ਕੰਮ ਕਰ ਰਹੀ ਹੈ | ਨਾਇਬ ਸਿੰਘ ਸੈਣੀ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸ ਹੋਵੇ ਭਾਂਵੇ ਆਮ ਆਦਮੀ ਪਾਰਟੀ ਇਨ੍ਹਾਂ ਨੇ ਪੰਜਾਬ 'ਚ ਨਸ਼ਾ ਲਿਆਉਣ 'ਤੇ ਜ਼ੋਰ ਦਿੱਤਾ, ਰੋਕਣ 'ਤੇ ਨਹੀਂ ਅਤੇ ਇਸ ਗੱਲ ਦਾ ਜਵਾਬ ਆਉਣ ਵਾਲੇ ਸਮੇਂ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕ ਇਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਦੇਣਗੇ | ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਪਿਛਲੇ 10 ਸਾਲਾਂ ਵਿਚ ਹਰਿਆਣਾ ਵਿਚ ਦੋ ਲੱਖ ਤੋਂ ਵੱਧ ਸਰਕਾਰੀ ਨੌਕਰੀਆਂ 'ਪਰਚੀ ਅਤੇ ਖ਼ਰਚੀ' ਤੋਂ ਬਿਨਾਂ, ਸਿਰਫ਼ ਯੋਗਤਾ ਦੇ ਆਧਾਰ 'ਤੇ ਦਿੱਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਹਰਿਆਣਾ ਸੂਬੇ ਲਈ ਇਹ ਖ਼ੁਸ਼ੀ ਤੇ ਮਾਣ ਵਾਲੀ ਗੱਲ ਕਿ ਭਾਵੇਂ ਉਲੰਪਿਕ ਖੇਡਾਂ ਹੋਣ, ਭਾਵੇਂ ਏਸ਼ੀਅਨ ਖੇਡਾਂ ਜਾਂ ਹੋਰ ਅੰਤਰਰਾਸ਼ਟਰੀ ਮੁਕਾਬਲੇ ਹੋਣ ਭਾਰਤ ਵਲੋਂ ਤਗਮੇ ਜਿੱਤਣ ਵਾਲਿਆਂ 'ਚ ਹਰਿਆਣਾ ਦੇ ਖਿਡਾਰੀ ਮੋਹਰੀ ਬਣ ਹੋਏ ਹਨ ਅਤੇ ਸਰਕਾਰ ਵਲੋਂ ਤਗਮਾ ਜੇਤੂਆਂ ਨੂੰ ਕਰੋੜਾਂ ਰੁਪਏ ਦੇ ਇਨਾਮ ਨਾਲ ਨਿਵਾਜਿਆ ਜਾ ਰਿਹਾ ਹੈ | ਇਸ ਮੌਕੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਡਾ. ਸੁਭਾਸ਼ ਸ਼ਰਮਾ, ਸੂਬਾ ਜਨਰਲ ਪਰਮਿੰਦਰ ਸਿੰਘ ਬਰਾੜ, ਸੂਬਾ ਮੀਡੀਆ ਪ੍ਰਮੁੱਖ ਵਿਨੀਤ ਜੋਸ਼ੀ, ਸੂਬਾ ਸਹਿ-ਖਜ਼ਾਨਚੀ ਸੁਖਵਿੰਦਰ ਗੋਲਡੀ, ਸੂਬਾ ਪ੍ਰੋਟੋਕੋਲ ਸਕੱਤਰ ਖੁਸ਼ਵੰਤ ਰਾਏ ਗਿੱਗਾ, ਚਰਨਜੀਤ ਸਿੰਘ ਬਰਾੜ, ਐਨ.ਕੇ. ਵਰਮਾ, ਸੰਜੀਵ ਵਸ਼ਿਸ਼ਟ ਤੇ ਹੋਰ ਆਗੂਆਂ ਨੇ ਸ਼ਮੂਲੀਅਤ ਕੀਤੀ |
ਪੰਜਾਬ 'ਚ ਪਿਛਲੀਆਂ ਸਰਕਾਰਾਂ ਨੇ ਨਸ਼ਾਖੋਰੀ ਤੇ ਬੰਦੂਕ ਸੱਭਿਆਚਾਰ ਨੂੰ ਵਧਾਉਣ ਦੇ ਸਿਵਾਏ ਕੁਝ ਨਹੀਂ ਕੀਤਾ-ਨਾਇਬ ਸਿੰਘ ਸੈਣੀ <br/>
ਅਜੀਤ ਡੈਸਕ
22-02-2026