ਸ਼ੇਰਪੁਰ (ਸੰਗਰੂਰ), 22 ਫਰਵਰੀ (ਦਰਸ਼ਨ ਸਿੰਘ ਖੇੜੀ)-ਬਲਾਕ ਸ਼ੇਰਪੁਰ ਤੇ ਥਾਣਾ ਸਦਰ ਧੂਰੀ ਅਧੀਨ ਪੈਂਦੇ ਪਿੰਡ ਕਾਤਰੋ ਦੇ ਵਸਨੀਕ ਪਾਠੀ ਸਿੰਘ ਅਜੈ ਸਿੰਘ ਉਰਫ਼ ਅਜੀਤ ਸਿੰਘ ਪੁੱਤਰ ਪ੍ਰੇਮ ਸਿੰਘ ਵਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ | ਮਾਮਲੇ ਦੇ ਤਫ਼ਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਧੂਰੀ ਦੀ ਪੁਲਿਸ ਕੋਲ ਮਿ੍ਤਕ ਦੇ ਭਰਾ ਰਵੀ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਕਾਤਰੋਂ ਨੇ ਦਰਜ ਕਰਵਾਏ ਬਿਆਨਾਂ ਅਨੁਸਾਰ ਅਜੈ ਸਿੰਘ ਉਰਫ਼ ਅਜੀਤ ਸਿੰਘ ਪਾਠ ਅਤੇ ਕੀਰਤਨ ਦੀ ਸੇਵਾ ਕਰਦਾ ਸੀ | ਉਹ ਰਾਏਕੋਟ ਨੇੜੇ ਪਿੰਡ ਬੱਸੀਆਂ ਵਿਖੇ ਬਾਬਾ ਸਿਮਰਨਦੀਪ ਸਿੰਘ ਕੋਲ ਆਪਣੀ ਡਿਊਟੀ ਕਰਦਾ ਸੀ | ਬਾਬਾ ਬਲਵਿੰਦਰ ਸਿੰਘ ਚਾਂਗਲੀ ਉਸ ਨੰੂ ਬੱਸੀਆਂ ਤੋਂ ਹਟਕੇ ਆਪਣੇ ਕੋਲ ਨੌਕਰੀ ਕਰਨ ਲਈ ਮਜਬੂਰ ਕਰ ਰਿਹਾ ਸੀ | ਬਾਬਾ ਬਲਵਿੰਦਰ ਸਿੰਘ ਨੇ ਉਸ ਨੰੂ 21 ਫਰਵਰੀ ਵਾਲੇ ਦਿਨ ਆਪਣੇ ਕੋਲ ਬੁਲਾਇਆ ਤੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ, ਜਿਸ ਮਗਰੋਂ ਮੇਰੇ ਭਰਾ ਅਜੈ ਸਿੰਘ ਉਰਫ ਅਜੀਤ ਸਿੰਘ ਨੇ ਜ਼ਹਿਰੀਲੀ ਵਸਤੂ ਨਿਗਲ ਲਈ ਤੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਉਸ ਦੀ ਮੌਤ ਹੋ ਗਈ | ਸਦਰ ਧੂਰੀ ਦੀ ਪੁਲਿਸ ਵਲੋਂ ਬਾਬਾ ਬਲਵਿੰਦਰ ਸਿੰਘ ਚਾਂਗਲੀ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੀਆ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਬਾਬਾ ਬਲਵਿੰਦਰ ਸਿੰਘ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਮਿ੍ਤਕ ਅਜੀਤ ਸਿੰਘ ਉਰਫ ਅਜੈ ਸਿੰਘ ਵਲੋਂ ਜ਼ਹਿਰੀਲੀ ਵਸਤੂ ਨਿਗਲਣ ਉਪਰੰਤ ਮਰਨ ਤੋਂ ਪਹਿਲਾਂ ਵੀ ਸੋਸ਼ਲ ਮੀਡੀਆਂ ਤੇ ਵੀਡੀਓ ਪਾਕੇ ਇਸ ਲਈ ਬਾਬਾ ਬਲਵਿੰਦਰ ਸਿੰਘ ਚਾਂਗਲੀ ਨੂੰ ਦੋਸ਼ੀ ਠਹਿਰਾਇਆ ਗਿਆ ਸੀ |
ਗਾਲੀ ਗਲੋਚ ਤੇ ਕੁੱਟਮਾਰ ਹੋਣ ਤੋਂ ਦੁਖੀ ਪਾਠੀ ਸਿੰਘ ਵਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ <br/>
ਅਜੀਤ ਡੈਸਕ
23-02-2026