ਪਟਿਆਲਾ, 22 ਫਰਵਰੀ (ਅਜੀਤ ਬਿਊਰੋ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪੰਜਾਬੀ ਮਾਤ ਭਾਸ਼ਾ ਦਿਵਸ ਦੇ ਮੌਕੇ ਪੰਜਾਬੀ-ਅੰਗਰੇਜ਼ੀ ਕੋਸ਼ ਦੀ 'ਐਂਡਰਾਇਡ ਮੋਬਾਈਲ ਐਪ' ਲੋਕ ਅਰਪਣ ਕੀਤੀ ਗਈ | ਇਹ ਐਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਖੋਜ ਕੇਂਦਰ ਵਲੋਂ ਤਿਆਰ ਕੀਤੀ ਗਈ ਹੈ | ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਐਪ ਨੂੰ ਲੋਕ ਅਰਪਣ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਤਕਨਾਲੋਜੀ ਨਾਲ ਜੋੜਨਾ ਸਮੇਂ ਦੀ ਲੋੜ ਹੈ ਅਤੇ ਇਹ ਐਪ ਉਸੇ ਦਿਸ਼ਾ ਵਿਚ ਇਕ ਮਹੱਤਵਪੂਰਨ ਉਪਰਾਲਾ ਹੈ | ਉਨ੍ਹਾਂ ਕਿਹਾ ਕਿ ਇਹ ਐਪ ਵਿਦਿਆਰਥੀਆਂ, ਅਧਿਆਪਕਾਂ, ਖੋਜਕਾਰਾਂ, ਲੇਖਕਾਂ, ਭਾਰਤ ਅਤੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਭਾਸ਼ਾ-ਪ੍ਰੇਮੀਆਂ ਲਈ ਬਹੁਤ ਲਾਭਕਾਰੀ ਸਾਬਤ ਹੋਵੇਗੀ | ਇਹ ਐਪ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਕੋਸ਼ਕਾਰੀ ਵਿਭਾਗ ਵਲੋਂ ਪ੍ਰਕਾਸ਼ਿਤ ਪੰਜਾਬੀ-ਅੰਗਰੇਜ਼ੀ ਕੋਸ਼ ਦੇ 2002 ਵਾਲੇ ਸੰਸਕਰਣ 'ਤੇ ਆਧਾਰਿਤ ਹੈ | ਇਸ ਐਪ ਵਿਚ 35,679 ਮੂਲ ਸ਼ਬਦ ਅਤੇ 1,29,834 ਸ਼ਬਦ-ਰੂਪ ਉਪਲਬਧ ਹਨ | ਆਪਣੀ ਕਿਸਮ ਦੀ ਇਹ ਪਹਿਲੀ ਐਪ ਪੰਜਾਬੀ ਸ਼ਬਦਾਂ ਨੂੰ ਗੁਰਮੁਖੀ ਅਤੇ ਸ਼ਾਹਮੁਖੀ ਦੋਵਾਂ ਲਿਪੀਆਂ ਵਿਚ ਵਿਆਪਕ ਰੂਪ ਵਿਚ ਖੋਜਣ ਦੇ ਸਮਰੱਥ ਹੈ | ਇਹ ਹਰੇਕ ਸ਼ਬਦ ਲਈ ਸਹੀ ਉਚਾਰਨ ਪ੍ਰਦਾਨ ਕਰਦੀ ਹੈ ਅਤੇ ਲਚਕਦਾਰ ਖੋਜ ਦੀ ਸਹੂਲਤ ਦਿੰਦੀ ਹੈ, ਜਿਸ ਨਾਲ ਉਪਭੋਗਤਾ ਲਗਾਂ-ਮਾਤਰਾਂ ਲਗਾਏ ਬਿਨਾਂ ਵੀ ਸ਼ਬਦ ਲੱਭ ਸਕਦੇ ਹਨ | ਇਸ ਤੋਂ ਇਲਾਵਾ ਇਹ ਐਪ ਅੰਗਰੇਜ਼ੀ ਅਰਥਾਂ ਰਾਹੀਂ ਵੀ ਸ਼ਬਦਾਂ ਦੀ ਖੋਜ ਕਰਨ ਦੀ ਸਹੂਲਤ ਦਿੰਦੀ ਹੈ | ਇਸ ਪ੍ਰੋਜੈਕਟ ਦੀ ਸੰਕਲਪਨਾ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਖੋਜ ਕੇਂਦਰ ਦੇ ਸੰਸਥਾਪਕ ਡਾਇਰੈਕਟਰ ਡਾ. ਗੁਰਪ੍ਰੀਤ ਸਿੰਘ ਲਹਿਲ ਵਲੋਂ ਕੀਤੀ ਗਈ ਸੀ, ਜਿਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਅੰਗਰੇਜ਼ੀ ਕੋਸ਼ ਨੂੰ ਡਿਜਿਟਲ ਰੂਪ ਦਿੱਤਾ ਸੀ | ਇਸ ਐਪ ਨੂੰ ਤਿਆਰ ਕਰਨ ਵਿਚ ਡਾ. ਗੁਰਪ੍ਰੀਤ ਸਿੰਘ ਲਹਿਲ ਦੇ ਨਾਲ-ਨਾਲ ਵਰਤਮਾਨ ਡਾਇਰੈਕਟਰ ਡਾ. ਧਰਮਵੀਰ ਸ਼ਰਮਾ ਦੀ ਅਗਵਾਈ ਹੇਠ ਟੀਮ ਜਿਸ ਵਿਚ ਡਾ. ਹਰਵਿੰਦਰ ਪਾਲ ਕੌਰ (ਮੁਖੀ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ), ਡਾ. ਤੇਜਿੰਦਰ ਸਿੰਘ ਸੈਣੀ, ਡਾ. ਅੰਕੁਰ ਰਾਣਾ, ਰਮਨਦੀਪ ਕੌਰ ਚਹਿਲ, ਰਾਕੇਸ਼ ਦਾਵੜਾ, ਡਾ. ਜਸਪਾਲ ਸਿੰਘ ਅਤੇ ਤਨਵੀਰ ਅਖ਼ਤਰ ਨੇ ਇਸ ਨੂੰ ਤਿਆਰ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ |
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪੰਜਾਬੀ-ਅੰਗਰੇਜ਼ੀ ਕੋਸ਼ ਦੀ 'ਐਂਡਰਾਇਡ ਐਪ' ਜਾਰੀ <br/>
ਅਜੀਤ ਡੈਸਕ
23-02-2026