ਅਜੋਕੇ ਦੌਰ 'ਚ ਫੈਲਾਏ ਜਾਂਦੇ ਨਕਾਰਾਤਮਿਕ ਪੱਖਾਂ ਤੋਂ ਸੁਚੇਤ ਹੋਈਏ ਅਤੇ ਗੁਰੂ ਗਿਆਨ ਦੇ ਦੀਵੇ ਬਾਲੀਏ-ਸੰਤ ਗਿਆਨੀ ਗੁਰਮੀਤ ਸਿੰਘ
ਲੁਧਿਆਣਾ, 22 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸੰਤ ਗਿਆਨੀ ਅਮੀਰ ਸਿੰਘ ਜਵੱਦੀ ਟਕਸਾਲ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਸ਼ਤਾਬਦੀ ਦੇ ਸੰਬੰਧ 'ਚ ਉਨ੍ਹਾਂ ਦੇ 'ਜੀਵਨ, ਬਾਣੀ ਅਤੇ ਵਿਰਾਸਤ' ਵਿਸ਼ਿਆਂ 'ਤੇ ਕਰਵਾਈ ਤਿੰਨ ਦਿਨਾਂ ਵਿਸ਼ਵ ਪੰਜਾਬੀ ਕਾਨਫ਼ਰੰਸ ਅਜੋਕੇ ਵਕਤ ਦੇ ਹੋ ਰਹੇ ਕਿਸੇ ਵੀ ਨਕਾਰਾਤਮਕ ਪ੍ਰਚਾਰ ਪਸਾਰ ਦੇ ਮੁਕਾਬਲੇ ਆਪੋ-ਆਪਣੇ ਜੀਵਨ ਵਿਚ ਗੁਰੂ ਗਿਆਨ ਦੇ ਦੀਵੇ ਬਾਲਣ ਦਾ ਸੰਦੇਸ਼ ਦਿੰਦੀ ਸਮਾਪਤ ਹੋ ਗਈ | ਕਾਨਫ਼ਰੰਸ ਦੀ ਅੰਤਮ ਵਿਦਿਅਕ ਬੈਠਕ 'ਚ ਉਚੇਚੇ ਤੌਰ 'ਤੇ ਪਹੁੰਚੇ ਸੰਤ ਗਿਆਨੀ ਗੁਰਮੀਤ ਸਿੰਘ ਖੋਸਾ ਕੋਟਲਾ ਨੇ ਰੱਬੀ ਹੁਕਮ 'ਚ ਵਿਚਾਰ ਗੋਸ਼ਟੀਆਂ ਕਰਨ ਅਤੇ ਗੁਰਬਾਣੀ ਪ੍ਰਚਾਰ ਪਸਾਰ ਲਈ ਜਵੱਦੀ ਟਕਸਾਲ ਵਲੋਂ ਨਿਭਾਈਆਂ ਜਾਂਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਵਿਹਾਰਕ ਪੱਖ, ਅਜੋਕੇ ਹਾਲਾਤ ਦੀਆਂ ਊਣਤਾਈਆਂ-ਬੁਰਿਆਈਆਂ ਦੀ ਨਿਸ਼ਾਨਦੇਹੀ ਕਰਨ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਦਸਮੇਸ਼ ਪਿਤਾ ਜੀ ਦੇ ਜੀਵਨ, ਉਨ੍ਹਾਂ ਦੀ ਵਿਚਾਰਧਾਰਾ ਮਾਨਵਤਾ ਲਈ ਕੀਤੇ ਕਾਰਜਾਂ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਲਈ ਬੇਹਦ ਲੋੜ ਹੈ | ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਵਿਚਾਰਾਂ ਦੀ ਸਾਂਝੇ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਨ ਵਾਸਤੇ ਤੰਦਰੁਸਤ ਸੋਚ ਅਤੇ ਨਜ਼ਰੀ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਜਰਨੈਲ, ਉੱਚ ਕੋਟੀ ਦੇ ਵਿਦਵਾਨ, ਅਜ਼ੀਮ ਸਾਹਿਤਕਾਰ, ਗੁਰਬਾਣੀ ਸੰਗੀਤ ਦੇ ਰਸੀਏ, ਸਰਬੰਸਦਾਨੀ, ਅੰਮਿ੍ਤ ਦੇ ਦਾਤੇ, ਭਗਤੀ ਅਤੇ ਸ਼ਕਤੀ ਦੇ ਮੁਜਸਮੇ ਅਤੇ ਮਰਦ-ਏ-ਮੈਦਾਨ ਸਨ | ਉਹ ਸ਼ਸਤਰ ਅਤੇ ਸ਼ਾਸਤਰ ਦੇ ਧਨੀ, ਸੰਤ-ਸਿਪਾਹੀ, ਸਾਹਿਬ-ਏ-ਕਮਾਲ, ਮਰਦ ਅਗੰਮੜੇ, ਦੁਸ਼ਟ-ਦਮਨ, ਅੰਮਿ੍ਤ ਕੇ ਦਾਤੇ ਸਨ ਅਤੇ ਉਨ੍ਹਾਂ ਦੀ ਸ਼ਖਸੀਅਤ ਨੂੰ ਬਿਆਨਣਾ ਬੇਅੰਤ ਔਖਾ ਹੈ | ਉਨ੍ਹਾਂ ਸਮੁੱਚੇ ਵਿਦਵਾਨਾਂ, ਬੁਲਾਰਿਆਂ ਅਤੇ ਵਿਚਾਰ ਗੋਸ਼ਟੀ ਦੇ ਕੋਆਰਡੀਨੇਟਰ ਡਾ. ਹਰਜੋਧ ਸਿੰਘ, ਰਣਜੋਧ ਸਿੰਘ ਅਤੇ ਸਹਿਯੋਗ ਦੇਣ ਵਾਲੇ ਸਭਨਾਂ ਦਾ ਧੰਨਵਾਦ ਕੀਤਾ | ਡਾ. ਕੁਲਵੰਤ ਸਿੰਘ ਮੋਗਾ, ਪ੍ਰੋ. ਬਲਵਿੰਦਰ ਪਾਲ ਸਿੰਘ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਡਾ. ਜੋਗਿੰਦਰ ਸਿੰਘ, ਡਾ. ਮੇਜਰ ਸਿੰਘ, ਡਾ. ਸੁਖਦੇਵ ਸਿੰਘ, ਡਾ. ਅੰਮਿ੍ਤਪਾਲ ਸਿੰਘ ਗਰੇਵਾਲ, ਦਲਬੀਰ ਸਿੰਘ ਮੱਕੜ, ਚਰਨਜੀਤ ਸਿੰਘ ਬੈਂਕ ਵਾਲੇ, ਜੋਗਿੰਦਰ ਸਿੰਘ ਡੀ.ਐੱਸ.ਪੀ., ਨਾਇਬ ਸਿੰਘ, ਸਕੱਤਰ ਸਿੰਘ, ਕੁਲਵਿੰਦਰ ਸਿੰਘ ਬੈਨੀਪਾਲ, ਭਾਈ ਮੇਜਰ ਸਿੰਘ ਖ਼ਾਲਸਾ, ਭਾਈ ਬਲਜੀਤ ਸਿੰਘ ਬੀਤਾ, ਜਸਪਾਲ ਸਿੰਘ ਇਸਲਮਗੰਜ ਆਦਿ ਸ਼ਖਸੀਅਤਾਂ ਨੇ ਵੀ ਹਾਜ਼ਰੀ ਭਰੀ |
ਜਵੱਦੀ ਟਕਸਾਲ ਵਿਖੇ ਤਿੰਨ ਦਿਨਾਂ ਵਿਸ਼ਵ ਪੰਜਾਬੀ ਕਾਨਫ਼ਰੰਸ ਸਮਾਪਤ
ਅਜੀਤ ਡੈਸਕ
23-02-2026