ਭੁਲੱਥ/ਨਡਾਲਾ (ਕਪੂਰਥਲਾ), 23 ਫਰਵਰੀ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ, ਰਘਬਿੰਦਰ ਸਿੰਘ)-ਅੱਜ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਜੱਦੀ ਪਿੰਡ ਰਾਮਗੜ੍ਹ ਵਿਖੇ ਮਾਹੌਲ ਉਸ ਵੇਲੇ ਤਣਾਅਪੂਰਨ ਬਣ ਗਿਆ ਜਦੋਂ ਐਸ.ਐਸ.ਪੀ. ਕਪੂਰਥਲਾ ਗੌਰਵ ਤੂਰਾ ਤੇ ਬਲਾਕ ਪੰਚਾਇਤ ਅਫ਼ਸਰ ਨਡਾਲਾ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਤੇ ਸਿਵਲ ਪ੍ਰਸ਼ਾਸਨ ਵਿਧਾਇਕ ਖਹਿਰਾ ਦੇ ਦਫ਼ਤਰ ਨੇੜੇ ਪਾਰਕਿੰਗ ਕੋਲ ਗਲੀ ਵਿਚ ਲੱਗੇ ਗੇਟ ਨੂੰ ਢਾਹੁਣ ਲਈ ਪੁੱਜਾ | ਇਸ ਦੌਰਾਨ ਪਿੰਡ ਰਾਮਗੜ੍ਹ ਨੂੰ ਛਾਉਣੀ ਵਿਚ ਤਬਦੀਲ ਕੀਤਾ ਗਿਆ | ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਨੇ ਬੀ.ਡੀ.ਪੀ.ਓ. ਤੋਂ ਇਸ ਸਬੰਧੀ ਨੋਟਿਸ ਤੇ ਹੋਰ ਦਸਤਾਵੇਜ਼ ਦੀ ਮੰਗ ਕੀਤੀ ਪਰੰਤੂ ਪ੍ਰਸ਼ਾਸਨ ਇਸ ਸਬੰਧੀ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ | ਪ੍ਰਸ਼ਾਸਨ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਸਾਰੇ ਸਬੂਤ ਤੇ ਉਹ ਨੋਟਿਸ ਹਨ ਜੋ ਤੁਹਾਨੂੰ ਭੇਜੇ ਗਏ ਅਤੇ ਇਹ ਜੋ ਗਲੀ ਵਿਚ ਗੇਟ ਲਗਾਇਆ ਗਿਆ ਹੈ ਇਹ ਗੈਰ-ਕਾਨੰੂਨੀ ਹੈ, ਇਸ ਸਭ ਦੇ ਵਿਚਾਲੇ ਬਹਿਸਬਾਜ਼ੀ ਤੋਂ ਬਾਅਦ ਬਣੀ ਸਹਿਮਤੀ ਨਾਲ ਖਹਿਰਾ ਸਮਰਥਕਾਂ ਨੇ ਵਿਵਾਦਿਤ ਗੇਟ ਲਾਹ ਦਿੱਤਾ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਖਹਿਰਾ ਦੀ ਪਾਰਕਿੰਗ ਵਾਲੀ ਕੰਧ ਨੂੰ ਡੱਚ ਮਸ਼ੀਨ ਨਾਲ ਢਾਹ ਦਿੱਤਾ ਗਿਆ | ਜਿਸ ਦੇ ਵਿਰੋਧ ਵਿਚ ਇਕੱਤਰ ਹੋਏ ਕਾਂਗਰਸ ਆਗੂਆਂ ਤੇ ਵਰਕਰਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ | ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਹੱਕ 'ਚ ਡਟਿਆ ਰਹਾਂਗਾ ਅਤੇ ਉਹ ਇਸ ਹੋਈ ਕਾਰਵਾਈ ਸਬੰਧੀ ਇਨਸਾਫ਼ ਲੈਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਗੇ | ਇਸ ਸਬੰਧੀ ਜਦੋਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨਡਾਲਾ ਕੁਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਪਿੰਡ ਰਾਮਗੜ੍ਹ ਤੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਵਿਧਾਇਕ ਖਹਿਰਾ ਤੇ ਉਨ੍ਹਾਂ ਦੇ ਕੁੱਝ ਰਿਸ਼ਤੇਦਾਰਾਂ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਜਿਸ ਦੇ ਚੱਲਦਿਆਂ ਇਹ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ |
ਸੁਖਪਾਲ ਸਿੰਘ ਖਹਿਰਾ ਦੀ ਪਾਰਕਿੰਗ ਵਾਲੀ ਥਾਂ 'ਤੇ ਸਰਕਾਰ ਦਾ ਚੱਲਿਆ ਪੀਲਾ ਪੰਜਾ <br/>
ਅਜੀਤ ਡੈਸਕ
24-02-2026