ਸੁਰਿੰਦਰ ਕੋਛੜ
ਅੰਮਿ੍ਤਸਰ, 23 ਫਰਵਰੀ -ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਸ਼ੇਰ ਸਿੰਘ ਦੇ ਮੌਜੂਦਾ ਵਾਰਿਸਾਂ ਨੇ ਲਗਭਗ 160 ਸਾਲ ਪਹਿਲਾਂ ਅੰਗਰੇਜ਼ ਸ਼ਾਸਕਾਂ ਵਲੋਂ ਉਨ੍ਹਾਂ ਦੇ ਵਡੇਰਿਆਂ ਤੋਂ 'ਲੁੱਟੇ' ਸ਼ਾਹੀ ਗਹਿਣਿਆਂ ਦੀ ਵਾਪਸੀ ਲਈ ਬਿ੍ਟੇਨ ਦੀਆਂ ਅਦਾਲਤਾਂ 'ਚ ਕਾਨੂੰਨੀ ਲੜਾਈ ਲੜਨ ਦਾ ਫ਼ੈਸਲਾ ਕੀਤਾ ਹੈ | ਦਰਅਸਲ, ਸਾਜਿਸ਼ਾਂ ਤਹਿਤ ਸਿੱਖ ਰਾਜ ਨੂੰ ਖ਼ਤਮ ਕਰਨ ਤੋਂ ਬਾਅਦ ਅੰਗਰੇਜ਼ ਸ਼ਾਸਕਾਂ ਦਾ ਮੁੱਖ ਉਦੇਸ਼ ਸਿੱਖ ਸ਼ਾਹੀ ਪਰਿਵਾਰ ਦੀ ਸ਼ਕਤੀ ਅਤੇ ਪ੍ਰਭਾਵ ਨੂੰ ਤੋੜਨਾ ਸੀ | ਖ਼ਾਸ ਤੌਰ 'ਤੇ ਮਹਾਰਾਜਾ ਦਲੀਪ ਸਿੰਘ ਅਤੇ ਮਹਾਰਾਣੀ ਜਿੰਦ ਕੌਰ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਜੋ ਸਿੱਖ ਪ੍ਰਭੂਸੱਤਾ ਦੇ ਪੁਨਰ-ਉਥਾਨ ਨੂੰ ਰੋਕਿਆ ਜਾ ਸਕੇ | ਸੰਨ 1848 ਤੋਂ 1856 ਤੱਕ ਭਾਰਤ ਦੇ ਗਵਰਨਰ ਜਨਰਲ ਰਹੇ ਲਾਰਡ ਡਲਹੌਜ਼ੀ ਜੇਮਜ਼ ਐਂਡਰਿਊ ਰਾਮਸੇ ਨੇ ਸੰਨ 1849 ਦੀ ਦੂਜੀ ਐਂਗਲੋ-ਸਿੱਖ ਜੰਗ ਤੋਂ ਬਾਅਦ ਸਿੱਖ ਸਾਮਰਾਜ ਦੇ ਯੋਜਨਾਬੱਧ ਖ਼ਾਤਮੇ 'ਚ ਕੇਂਦਰੀ ਭੂਮਿਕਾ ਨਿਭਾਈ | 29 ਮਾਰਚ 1849 ਨੂੰ ਸਿੱਖ ਰਾਜ ਦਾ ਆਖ਼ਰੀ ਦਰਬਾਰ ਹੋਇਆ ਅਤੇ ਨਾਬਾਲਗ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਲਾਹ ਕੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ 'ਚ ਸ਼ਾਮਿਲ ਕਰ ਲਿਆ ਗਿਆ | ਲਾਰਡ ਡਲਹੌਜ਼ੀ ਵਲੋਂ ਮਹਾਰਾਜਾ ਰਣਜੀਤ ਸਿੰਘ ਦੇ ਤੋਸ਼ੇਖ਼ਾਨੇ ਦੀ ਤਲਾਸ਼ੀ ਲੈਣ ਲਈ ਡਾਕਟਰ ਜੌਨ ਸਪੈਂਸਰ ਲੌਗਿਨ ਤੇ ਜੌਹਰੀ ਇੰਗਲੈਂਡ ਤੋਂ ਲਿਆਂਦੇ ਗਏ | ਸਿੱਖ ਰਾਜ ਵੇਲੇ ਤੋਸ਼ੇਖ਼ਾਨੇ ਦਾ ਇੰਚਾਰਜ ਮਿਸਰ ਬੇਲੀ ਰਾਮ ਸੀ, ਪਰ ਅਪ੍ਰੈਲ 1849 'ਚ ਪੰਜਾਬ 'ਤੇ ਬਿ੍ਟਿਸ਼ ਸਰਕਾਰ ਦੇ ਕਬਜ਼ੇ ਤੋਂ ਬਾਅਦ ਡਾ: ਜੌਨ ਲੌਗਿਨ ਨੂੰ 10 ਸਾਲਾ ਮਹਾਰਾਜਾ ਦਲੀਪ ਸਿੰਘ ਦਾ ਸਰਪ੍ਰਸਤ ਨਿਯੁਕਤ ਕਰਨ ਦੇ ਨਾਲ ਹੀ ਉਸ ਨੂੰ ਲਾਹੌਰ ਸ਼ਾਹੀ ਕਿਲ੍ਹੇ ਦੇ ਤੋਸ਼ੇਖ਼ਾਨੇ ਦਾ ਵੀ ਇੰਚਾਰਜ ਬਣਾ ਦਿੱਤਾ ਗਿਆ | ਤੋਸ਼ੇਖ਼ਾਨਿਆਂ ਸਮੇਤ ਕੋਹ-ਏ-ਨੂਰ ਹੀਰਾ ਵੀ ਉਸ ਦੀ ਦੇਖ-ਰੇਖ 'ਚ ਸੀ | ਮਹਾਰਾਜਾ ਦੇ ਤੋਸ਼ੇਖ਼ਾਨੇ 'ਚ ਜੋ ਹੀਰੇ ਜਵਾਹਰਾਤ ਸਨ ਉਨ੍ਹਾਂ ਦੀ ਜੌਹਰੀਆਂ ਕੋਲੋਂ ਕੀਮਤ ਪਵਾ ਕੇ ਸੂਚੀ ਰਜਿਸਟਰ 'ਚ ਦਰਜ ਕੀਤੀ ਗਈ | ਮਹਾਰਾਜਾ ਰਣਜੀਤ ਸਿੰਘ ਦੀਆਂ ਰਾਣੀਆਂ ਤੋਂ ਸਾਰੇ ਸ਼ਾਹੀ ਗਹਿਣੇ ਅਸਥਾਈ ਤੌਰ 'ਤੇ ਹਥਿਆਉਣ ਬਾਅਦ ਮਹਾਰਾਜਾ ਸ਼ੇਰ ਸਿੰਘ ਦੀਆਂ ਰਾਣੀਆਂ ਦੇ ਤੋਸ਼ੇਖ਼ਾਨੇ ਦੀ ਵੀ ਤਲਾਸ਼ੀ ਲਈ ਗਈ | 'ਅਜੀਤ' ਉਪ-ਦਫ਼ਤਰ ਵਿਖੇ ਪਹੁੰਚੇ ਮਹਾਰਾਜਾ ਸ਼ੇਰ ਸਿੰਘ ਦੀ ਰਾਣੀ ਧਰਮ ਕੌਰ ਰੰਧਾਵੀ ਦੇ ਵਾਰਿਸਾਂ ਕੰਵਰ ਕਰਵਿੰਦਰ ਪਾਲ ਸਿੰਘ ਅਤੇ ਕੰਵਰ ਮੀਤਪਾਲ ਸਿੰਘ ਨੇ ਦਸਤਾਵੇਜ਼ੀ ਸਬੂਤ ਪੇਸ਼ ਕਰਦਿਆਂ ਦੱਸਿਆ ਕਿ ਲਾਰਡ ਡਲਹੌਜ਼ੀ ਦੇ ਆਦੇਸ਼ਾਂ 'ਤੇ ਲਾਹੌਰ 'ਚ ਰਾਣੀ ਰੰਧਾਵੀ ਦੀ ਹਵੇਲੀ 'ਚ ਮੌਜੂਦ ਤੋਸ਼ੇਖ਼ਾਨੇ ਦੀ ਤਲਾਸ਼ੀ ਲੈ ਕੇ ਸਾਰੇ ਗਹਿਣੇ 4 ਮੇਜ਼ਾਂ 'ਤੇ ਰੱਖਣ ਉਪਰੰਤ ਉਨ੍ਹਾਂ ਨੂੰ ਤੁਲਵਾਇਆ ਗਿਆ ਅਤੇ ਫਿਰ ਸਾਰੇ ਗਹਿਣਿਆਂ ਤੇ ਹੋਰ ਸਾਮਾਨ ਦੀ ਸੂਚੀ ਤਿਆਰ ਕੀਤੀ ਗਈ | ਕੰਵਰ ਕਰਵਿੰਦਰ ਪਾਲ ਸਿੰਘ ਮੁਤਾਬਿਕ ਸ਼ੁੱਧ ਗਹਿਣਿਆਂ ਦਾ ਵਜ਼ਨ 20 ਕਿੱਲੋ ਤੋਂ ਵੀ ਜ਼ਿਆਦਾ ਸੀ | ਉਸ ਵੇਲੇ ਮਹਾਰਾਜਾ ਰਣਜੀਤ ਸਿੰਘ, ਖੜਕ ਸਿੰਘ, ਸ਼ੇਰ ਸਿੰਘ ਅਤੇ ਕੁੰਵਰ ਨੌਨਿਹਾਲ ਸਿੰਘ ਦੀਆਂ ਸਾਰੀਆਂ ਰਾਣੀਆਂ ਤੋਂ ਗਹਿਣੇ ਲੈਣ ਸਮੇਂ ਇਹ ਭਰੋਸਾ ਦਿੱਤਾ ਗਿਆ ਕਿ ਰਾਜ ਦੇ ਹਾਲਾਤ ਸੁਧਰਨ 'ਤੇ ਉਨ੍ਹਾਂ ਦੇ ਗਹਿਣੇ ਅਤੇ ਹੋਰ ਸਾਰਾ ਕੀਮਤੀ ਸਾਮਾਨ ਵਾਪਸ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਰਾਣੀ ਧਰਮ ਕੌਰ ਰੰਧਾਵੀ ਨੇ ਵੱਡੀ ਜੱਦੋ-ਜਹਿਦ ਕਰਕੇ 13 ਅਪ੍ਰੈਲ 1870 ਨੂੰ ਲਾਹੌਰ ਦੇ ਡਿਪਟੀ ਕਮਿਸ਼ਨਰ ਕੋਲੋਂ ਰਜਿਸਟਰ ਤੋਂ ਉਤਾਰਾ ਕਰਵਾ ਕੇ ਗਹਿਣਿਆਂ ਅਤੇ ਬਾਕੀ ਸਾਮਾਨ ਦੀ ਰਸੀਦ ਪ੍ਰਾਪਤ ਕਰ ਲਈ | ਉਨ੍ਹਾਂ ਨੇ ਕਿਹਾ ਕਿ ਰਾਣੀ ਆਪਣੇ ਗਹਿਣੇ ਵਾਪਸ ਲੈਣ ਲਈ ਇੰਗਲੈਂਡ 'ਚ ਕਾਨੂੰਨੀ ਲੜਾਈ ਲੜਨਾ ਚਾਹੁੰਦੀ ਸੀ, ਪਰ ਉਸ ਦਾ ਦਿਹਾਂਤ ਹੋ ਗਿਆ | ਇਸ ਤੋਂ ਬਾਅਦ ਕੰਵਰ ਕਰਵਿੰਦਰ ਪਾਲ ਸਿੰਘ, ਕੰਵਰ ਮੀਤ ਪਾਲ ਸਿੰਘ, ਸਾਬਕਾ ਏਅਰ ਮਾਰਸ਼ਲ ਕੰਵਰ ਦਲਿੰਦਰਜੀਤ ਸਿੰਘ ਅਤੇ ਕੰਵਰ ਦਵਿੰਦਰਪਾਲ ਸਿੰਘ ਵਲੋਂ 21 ਮਾਰਚ 2001 ਨੂੰ ਯੂਨਾਈਟਿਡ ਕਿੰਗਡਮ ਦੀ ਮਹਾਰਾਣੀ ਐਲਿਜ਼ਾਬੈੱਥ-2 ਨੂੰ ਪੱਤਰ ਭੇਜ ਕੇ ਰਾਣੀ ਧਰਮ ਕੌਰ ਰੰਧਾਵੀ ਦੇ ਸ਼ਾਹੀ ਗਹਿਣਿਆਂ ਸਮੇਤ ਮਸ਼ਹੂਰ ਕੋਹਿਨੂਰ ਹੀਰਾ, ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦਾ ਸਿੰਘਾਸਣ, ਗੁਰੂ ਗੋਬਿੰਦ ਸਿੰਘ ਜੀ ਦੀ ਕਲਗ਼ੀ, ਮਹਾਰਾਜਾ ਖੜਕ ਸਿੰਘ ਦਾ ਦੋ-ਧਾਰੀ ਸੁਨਹਿਰੀ ਖੰਡਾ ਅਤੇ ਮਹਾਰਾਜਾ ਸ਼ੇਰ ਸਿੰਘ ਦੀ ਹੀਰੇ ਨਾਲ ਜੜੀ ਪੇਟੀ ਵਾਪਸ ਦਿੱਤੇ ਜਾਣ ਦੀ ਮੰਗ ਕੀਤੀ ਗਈ | ਸਾਬਕਾ ਏਅਰ ਮਾਰਸ਼ਲ ਕੰਵਰ ਦਲਿੰਦਰਜੀਤ ਸਿੰਘ ਨੇ ਕਿਹਾ ਕਿ ਇਸ ਪੱਤਰ ਦੇ ਬਾਅਦ ਮਹਾਰਾਣੀ ਐਲਿਜ਼ਾਬੈੱਥ-2 ਨੇ 5 ਅਪ੍ਰੈਲ 2001 ਨੂੰ ਜਵਾਬੀ ਪੱਤਰ ਭੇਜ ਕੇ ਭਰੋਸਾ ਦਿੱਤਾ ਕਿ ਯੂ. ਕੇ. ਦੇ ਵਿਦੇਸ਼ ਮੰਤਰਾਲੇ ਵਲੋਂ ਇਸ ਮਾਮਲੇ ਬਾਰੇ ਗੱਲਬਾਤ ਕਰਕੇ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਯੂ.ਕੇ. ਵਲੋਂ ਅਗਾਂਹ ਇਸ ਬਾਰੇ ਕੋਈ ਪਹਿਲਕਦਮੀ ਨਾ ਕੀਤੇ ਜਾਣ 'ਤੇ ਉਨ੍ਹਾਂ ਨੇ ਹੁਣ ਸ਼ਾਹੀ ਗਹਿਣਿਆਂ ਅਤੇ ਹੋਰ ਕੀਮਤੀ ਸਾਮਾਨ ਦੀ ਵਾਪਸੀ ਲਈ ਯੂਨਾਈਟਿਡ ਕਿੰਗਡਮ ਦੀਆਂ ਅਦਾਲਤਾਂ 'ਚ ਕਾਨੂੰਨੀ ਲੜਾਈ ਲੜਨ ਦਾ ਫ਼ੈਸਲਾ ਕੀਤਾ ਹੈ | ਇਸ ਲਈ ਭਾਰਤ ਸਰਕਾਰ ਦਾ ਵੀ ਸਹਿਯੋਗ ਲਿਆ ਜਾਵੇਗਾ |
160 ਸਾਲ ਪਹਿਲਾਂ 'ਲੁੱਟੇ' ਸ਼ਾਹੀ ਗਹਿਣਿਆਂ ਦੀ ਵਾਪਸੀ ਲਈ ਮਹਾਰਾਜਾ ਸ਼ੇਰ ਸਿੰਘ ਦੇ ਵਾਰਸ ਲੜਨਗੇ ਕਾਨੂੰਨੀ ਲੜਾਈ <br/>
ਅਜੀਤ ਡੈਸਕ
24-02-2026