ਡੇਰਾਬੱਸੀ, 24 ਫਰਵਰੀ (ਰਣਬੀਰ ਸਿੰਘ ਪੜ੍ਹੀ)-ਫਾਇਰ ਬਿ੍ਗੇਡ ਵਿਭਾਗ 'ਚ ਫੈਲੇ ਭਿ੍ਸ਼ਟਾਚਾਰ ਦੇ ਜਾਲ ਨੇ ਡੇਰਾਬੱਸੀ ਤੇ ਜ਼ੀਰਕਪੁਰ ਦੇ ਉਦਯੋਗਿਕ ਤੇ ਰੀਅਲ ਅਸਟੇਟ ਖੇਤਰ 'ਚ ਤਰਥੱਲੀ ਮਚਾ ਦਿੱਤੀ ਹੈ | ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ-ਹੱਥੀਂ ਕਾਬੂ ਕੀਤੇ ਗਏ ਸਬ-ਫਾਇਰ ਅਫ਼ਸਰ ਜਸਵੰਤ ਸਿੰਘ ਦੇ ਪੁਲਿਸ ਰਿਮਾਂਡ 'ਚ ਅਦਾਲਤ ਨੇ ਤਿੰਨ ਦਿਨਾਂ ਦਾ ਹੋਰ ਵਾਧਾ ਕਰ ਦਿੱਤਾ ਹੈ | ਮਾਮਲੇ ਦੀ ਜਾਂਚ ਦੌਰਾਨ ਪੁਲਿਸ ਵਲੋਂ ਮੁਲਜ਼ਮ ਅਫ਼ਸਰ ਦੇ ਘਰੋਂ 25 ਲੱਖ ਰੁਪਏ ਦੀ ਨਕਦੀ ਅਤੇ ਕਰੋੜਾਂ ਰੁਪਏ ਦੀਆਂ ਬੇਨਾਮੀਆਂ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਹੋਣ ਦਾ ਖ਼ੁਲਾਸਾ ਕੀਤੇ ਜਾਣ ਨੇ ਕਾਰੋਬਾਰੀਆਂ ਦੀ ਨੀਂਦ ਉੱਡਾ ਦਿੱਤੀ ਹੈ, ਜਿਨ੍ਹਾਂ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਫਾਇਰ ਅਫ਼ਸਰ ਨਾਲ ਮਿਲੀਭੁਗਤ ਕਰਕੇ ਐੱਨ. ਓ. ਸੀਜ਼ ਹਾਸਿਲ ਕੀਤੀਆਂ ਸਨ |
ਕਰੋੜਾਂ ਰੁਪਏ ਦੀ ਬੇਨਾਮੀ ਜਾਇਦਾਦ
ਵਿਜੀਲੈਂਸ ਸੂਤਰਾਂ ਅਨੁਸਾਰ ਜਸਵੰਤ ਸਿੰਘ ਦੀਆਂ ਜਾਇਦਾਦਾਂ ਦੀ ਸੂਚੀ ਦੇਖ ਕੇ ਜਾਂਚ ਅਧਿਕਾਰੀ ਵੀ ਹੈਰਾਨ ਹਨ | ਹੁਣ ਤੱਕ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਜਸਵੰਤ ਸਿੰਘ ਦੀ ਲਾਲੜੂ ਦੇ ਪਿੰਡ ਜਿਊਲੀ ਵਿਖੇ ਕਰੋੜਾਂ ਰੁਪਏ ਦੀ ਸ਼ਰਾਬ ਫੈਕਟਰੀ, ਵੀ. ਆਈ. ਪੀ. ਰੋਡ ਜ਼ੀਰਕਪੁਰ ਵਿਖੇ ਦੋ ਆਲੀਸ਼ਾਨ ਫਲੈਟ, ਲਾਲੜੂ ਮੁੱਖ ਰੋਡ 'ਤੇ ਦੋ ਸ਼ੋਅਰੂਮ ਅਤੇ ਪਿੰਡ ਜੌਲਾ ਕਲਾਂ 'ਚ ਕਰੀਬ 16 ਕਿੱਲ੍ਹੇ ਜ਼ਮੀਨ ਹੈ | ਇਸ ਤੋਂ ਇਲਾਵਾ ਮੁਬਾਰਕਪੁਰ ਅਤੇ ਅੰਬਾਲਾ ਦੇ ਮੁਲਾਣਾ 'ਚ ਵੱਡੇ ਰੀਅਲ ਅਸਟੇਟ ਪ੍ਰਾਜੈਕਟਾਂ 'ਚ ਵੀ ਉਸ ਦੀ ਹਿੱਸੇਦਾਰੀ ਹੋਣ ਦਾ ਸ਼ੱਕ ਹੈ | ਵਿਜੀਲੈਂਸ ਦੀ ਟੀਮ ਹੁਣ ਉਸ ਦੇ ਵਪਾਰਕ ਭਾਈਵਾਲਾਂ ਦੀ ਵੀ ਪੈੜ ਨੱਪ ਰਹੀ ਹੈ |
ਨਾਜਾਇਜ਼ ਐੱਨ. ਓ. ਸੀ. ਲੈਣ ਵਾਲਿਆਂ 'ਤੇ ਲਟਕੀ ਤਲਵਾਰ
ਜਸਵੰਤ ਸਿੰਘ ਕੋਲ ਡੇਰਾਬੱਸੀ, ਜ਼ੀਰਕਪੁਰ ਅਤੇ ਮੁਹਾਲੀ ਦਾ ਵਾਧੂ ਚਾਰਜ ਸੀ | ਉਸ 'ਤੇ ਦੋਸ਼ ਹਨ ਕਿ ਉਸ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਕਈ ਅਜਿਹੀਆਂ ਫੈਕਟਰੀਆਂ ਅਤੇ ਕਾਲੋਨੀਆਂ ਨੂੰ ਫਾਇਰ ਐੱਨ. ਓ. ਸੀਜ਼. ਜਾਰੀ ਕੀਤੀਆਂ ਸਨ, ਜੋ ਕਿ ਸੁਰੱਖਿਆ ਮਾਪਦੰਡਾਂ 'ਤੇ ਖਰੀਆਂ ਨਹੀਂ ਉਤਰਦੀਆਂ ਸਨ | ਹੁਣ ਵਿਜੀਲੈਂਸ ਵਲੋਂ ਪਿਛਲੇ ਸਮੇਂ ਦੌਰਾਨ ਜਾਰੀ ਕੀਤੀਆਂ ਗਈਆਂ ਸਾਰੀਆਂ ਐਨ. ਓ. ਸੀਜ਼, ਰੀਨਿਊਅਲ ਕੇਸਾਂ ਅਤੇ ਫਾਇਰ ਹਾਦਸਿਆਂ ਤੋਂ ਬਾਅਦ ਕਲੀਅਰ ਕੀਤੇ ਗਏ ਇੰਸ਼ੋਰੈਂਸ ਕਲੇਮਾਂ ਦੀ ਫਾਈਲਾਂ ਮੁੜ ਖੋਲ੍ਹੀਆਂ ਜਾ ਰਹੀਆਂ ਹਨ | ਇਸ ਕਾਰਵਾਈ ਕਾਰਨ ਡੇਰਾਬੱਸੀ ਦੇ ਕਈ ਵੱਡੇ ਉਦਯੋਗਪਤੀ ਅਤੇ ਬਿਲਡਰ ਰੂਪੋਸ਼ ਹੋਣ ਦੀ ਤਿਆਰੀ 'ਚ ਹਨ |
ਇੰਝ ਫਸਿਆ ਰਿਸ਼ਵਤ ਲੈਂਦਾ ਫਾਇਰ ਅਫ਼ਸਰ
ਜ਼ਿਕਰਯੋਗ ਹੈ ਕਿ ਰਾਜਪੁਰਾ ਦਾ ਰਹਿਣ ਵਾਲਾ ਗਗਨਦੀਪ ਸਿੰਘ, ਜੋ ਕਿ ਫਾਇਰ ਸੇਫ਼ਟੀ ਉਪਕਰਨਾਂ ਦਾ ਕਾਰੋਬਾਰ ਕਰਦਾ ਹੈ, ਦੀ ਸ਼ਿਕਾਇਤ 'ਤੇ ਵਿਜੀਲੈਂਸ ਨੇ 20 ਫਰਵਰੀ ਨੂੰ ਜਸਵੰਤ ਸਿੰਘ ਨੂੰ ਜਾਲ ਵਿਛਾ ਕੇ ਫੜਿ੍ਹਆ ਸੀ | ਜਸਵੰਤ ਸਿੰਘ ਨੇ ਮੁਹਾਲੀ ਦੀ ਇਕ ਏਜੰਸੀ ਦੀ ਐਨ. ਓ. ਸੀ. ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ | ਵਿਜੀਲੈਂਸ ਨੇ ਦੱਸਿਆ ਕਿ ਅਸੀਂ ਦੋਸ਼ੀ ਦੇ ਬੈਂਕ ਖਾਤਿਆਂ ਅਤੇ ਬੇਨਾਮੀ ਜਾਇਦਾਦਾਂ ਦੇ ਦਸਤਾਵੇਜ਼ ਖੰਗਾਲ ਰਹੇ ਹਾਂ ਅਤੇ ਰਿਮਾਂਡ ਦੌਰਾਨ ਕਈ ਹੋਰ ਅਹਿਮ ਖ਼ੁਲਾਸੇ ਹੋਣ ਦੀ ਆਸ ਹੈ | ਵਿਜੀਲੈਂਸ ਦੇ ਅਧਿਕਾਰੀਆਂ ਅਨੁਸਾਰ ਰਿਸ਼ਵਤ ਦੇ ਕੇ ਕੰਮ ਕਰਵਾਉਣ ਵਾਲੇ ਕਾਰੋਬਾਰੀਆਂ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ |
ਵਿਜੀਲੈਂਸ ਵਲੋਂ ਰਿਸ਼ਵਤ ਮੰਗਣ ਵਾਲੇ ਫਾਇਰ ਅਫ਼ਸਰ ਕੋਲੋਂ 25 ਲੱਖ ਦੀ ਨਕਦੀ ਬਰਾਮਦ <br/>
ਅਜੀਤ ਡੈਸਕ
25-02-2026