ਸੁਲਤਾਨਵਿੰਡ (ਅੰਮਿ੍ਤਸਰ), 26 ਫਰਵਰੀ (ਗੁਰਨਾਮ ਸਿੰਘ ਬੁੱਟਰ)-328 ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਅੱਜ ਪਿੰਡ ਸੁਲਤਾਨਵਿੰਡ (ਪੱਤੀ ਬੈਹਣੀਵਾਲ) ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਸਿੱਖ ਸਤਿਕਾਰ ਕਮੇਟੀ ਦੇ ਆਗੂ ਭਾਈ ਬਲਦੇਵ ਸਿੰਘ ਵਡਾਲਾ ਅਤੇ ਭਾਈ ਸੁਖਜੀਤ ਸਿੰਘ ਖੋਸਾ ਨੇ ਸ਼੍ਰੋਮਣੀ ਕਮੇਟੀ ਦੇ ਰਵੱਈਏ ਅਤੇ ਸਿੱਟ ਦੀ ਢਿੱਲੀ ਕਾਰਵਾਈ 'ਤੇ ਨਿਸ਼ਾਨੇ ਸਾਧੇ | ਭਾਈ ਵਡਾਲਾ ਨੇ ਖੁਲਾਸਾ ਕੀਤਾ ਕਿ ਹਾਈ ਕੋਰਟ ਵਿਚ ਚੱਲ ਰਹੀ ਸੁਣਵਾਈ ਦੌਰਾਨ ਜਾਂਚ ਟੀਮ (ਐੱਸ.ਆਈ.ਟੀ.) ਨੇ ਖੁਦ ਕਬੂਲਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਤੇ 'ਜਾਗਤ ਜੋਤ ਸਤਿਕਾਰ ਐਕਟ' ਦੇ ਬਾਵਜੂਦ ਸ਼੍ਰੋਮਣੀ ਕਮੇਟੀ ਜਾਂਚ ਵਿਚ ਪੂਰਨ ਸਹਿਯੋਗ ਨਹੀਂ ਕਰ ਰਹੀ | ਉਨ੍ਹਾਂ ਸਵਾਲ ਕੀਤਾ ਕਿ ਜੇਕਰ ਕਮੇਟੀ ਦਾ ਕੋਈ ਕਸੂਰ ਨਹੀਂ ਹੈ, ਤਾਂ ਉਹ 2008 ਤੋਂ 2020 ਤੱਕ ਦਾ ਰਿਕਾਰਡ ਅਤੇ 19 ਮਈ 2016 ਦੀ ਘਟਨਾ ਬਾਰੇ ਦਸਤਾਵੇਜ਼ ਦੇਣ ਵਿਚ ਕਿਉਂ ਹਿਚਕਿਚਾ ਰਹੀ ਹੈ | ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਆਈ.ਟੀ. ਦੀ ਕਾਰਗੁਜ਼ਾਰੀ ਨੂੰ ਵੀ ਕਟਹਿਰੇ ਵਿਚ ਖੜ੍ਹਾ ਕੀਤਾ | ਭਾਈ ਵਡਾਲਾ ਨੇ ਕਿਹਾ ਕਿ ਜੇਕਰ ਐਡਵੋਕੇਟ ਈਸ਼ਰ ਸਿੰਘ ਕਮਿਸ਼ਨ ਨੇ ਸਿਰਫ਼ 3 ਸਾਥੀਆਂ ਦੀ ਮਦਦ ਨਾਲ ਬਿਨਾਂ ਕਿਸੇ ਸਰਕਾਰੀ ਸਹਿਯੋਗ ਦੇ 40 ਦਿਨਾਂ ਵਿਚ 1100 ਸਫਿਆਂ ਦੀ ਪੜਤਾਲੀਆ ਰਿਪੋਰਟ ਤਿਆਰ ਕਰ ਦਿੱਤੀ ਸੀ ਫਿਰ ਐੱਸ.ਆਈ.ਟੀ. ਇੰਨਾ ਸਮਾਂ ਕਿਉਂ ਲਗਾ ਰਹੀ ਹੈ | ਉਨ੍ਹਾਂ ਕਿਹਾ ਕਿ ਜਿਨ੍ਹਾਂ ਮੁਲਜ਼ਮਾਂ ਦੀਆਂ ਜ਼ਮਾਨਤਾਂ ਅਦਾਲਤ ਨੇ ਰੱਦ ਕਰ ਦਿੱਤੀਆਂ ਹਨ ਜਾਂ ਜਿਨ੍ਹਾਂ ਨੇ ਜ਼ਮਾਨਤਾਂ ਵਾਪਸ ਲੈ ਲਈਆਂ ਹਨ, ਉਨ੍ਹਾਂ ਨੂੰ ਅਜੇ ਤੱਕ ਗਿ੍ਫ਼ਤਾਰ ਕਿਉਂ ਨਹੀਂ ਕੀਤਾ ਗਿਆ | ਇਸ ਮੌਕੇ ਭਾਈ ਨਿਰਮਲ ਸਿੰਘ (ਸਹਿ ਸਕੱਤਰ), ਬਾਪੂ ਸੁਖਵੰਤ ਸਿੰਘ ਪੰਨੂ, ਭਾਈ ਸਤਵੰਤ ਸਿੰਘ ਵੇਰਕਾ, ਭਾਈ ਮਨਪ੍ਰੀਤ ਸਿੰਘ, ਭਾਈ ਅਮਨਪ੍ਰੀਤ ਸਿੰਘ ਮਹੱਦੀਪੁਰ, ਭਾਈ ਅਮਰੀਕ ਸਿੰਘ ਖੋਸਾ ਅਤੇ ਭਾਈ ਇੰਦਰਜੀਤ ਸਿੰਘ ਸਮੇਤ ਕਈ ਮੋਹਤਬਰ ਸ਼ਖ਼ਸੀਅਤਾਂ ਹਾਜ਼ਰ ਸਨ |