ਰਾਮਪੁਰਾ ਫੂਲ (ਬਠਿੰਡਾ), 26 ਫਰਵਰੀ (ਨਰਪਿੰਦਰ ਸਿੰਘ ਧਾਲੀਵਾਲ)-ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਹਾਲ ਹੀ ਵਿਚ ਜਾਰੀ ਕੀਤੀ ਗਈ ਵਾਰਡਰ ਅਤੇ ਮੈਟਰਨ ਭਰਤੀ ਦੀ ਸਾਂਝੀ ਮੈਰਿਟ ਸੂਚੀ ਨੇ ਨਵੇਂ ਵਿਵਾਦ ਪੈਦਾ ਕਰ ਦਿੱਤਾ ਹੈ | ਬੋਰਡ ਨੇ ਜਿਨ੍ਹਾਂ ਉਮੀਦਵਾਰਾਂ ਦੇ ਨਤੀਜੇ ਦਸਤਾਵੇਜ਼ਾਂ ਦੀ ਘਾਟ ਕਾਰਨ ਰੋਕੇ ਹਨ, ਉਨ੍ਹਾਂ ਨੂੰ ਆਪਣੇ ਰਹਿੰਦੇ ਕਾਗ਼ਜ਼ਾਤ ਜਮ੍ਹਾਂ ਕਰਵਾਉਣ ਲਈ 30 ਫਰਵਰੀ ਦੀ ਤਰੀਕ ਦਿੱਤੀ ਹੈ | ਜਾਣਕਾਰੀ ਅਨੁਸਾਰ ਬੋਰਡ ਦੇ ਸਕੱਤਰ ਵਲੋਂ 19 ਫਰਵਰੀ 2026 ਦੇ ਦਸਤਖਤਾਂ ਹੇਠ ਇਹ ਨਤੀਜਾ ਅਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ | ਇਸ ਸੂਚੀ ਦੇ ਹੇਠਾਂ ਦਿੱਤੇ ਗਏ ਜ਼ਰੂਰੀ ਨੋਟ ਦੇ ਨੁਕਤਾ ਨੰਬਰ ਚਾਰ ਵਿਚ ਸਪਸ਼ਟ ਲਿਖਿਆ ਗਿਆ ਹੈ ਕਿ ਜਿਨ੍ਹਾਂ ਉਮੀਦਵਾਰਾਂ ਵਲੋਂ ਆਪਣੇ ਅਧੂਰੇ ਦਸਤਾਵੇਜ਼ ਜਮ੍ਹਾਂ ਨਹੀਂ ਕੀਤੇ ਗਏ, ਉਨ੍ਹਾਂ ਦਾ ਨਤੀਜਾ ਰੋਕਿਆ ਗਿਆ ਹੈ ਅਤੇ ਅਜਿਹੇ ਉਮੀਦਵਾਰ ਆਪਣੇ ਦਸਤਾਵੇਜ਼ ਬੋਰਡ ਦੇ ਦਫ਼ਤਰ ਵਿਖੇ ਮਿਤੀ 30-02-2026 ਤੱਕ ਜਮ੍ਹ੍ਹਾਂ ਕਰਵਾ ਸਕਦੇ ਹਨ | ਇਹ ਗੱਲ ਹਰ ਕੋਈ ਜਾਣਦਾ ਹੈ ਕਿ ਫਰਵਰੀ ਦਾ ਮਹੀਨਾ ਆਮ ਤੌਰ 'ਤੇ 28 ਦਿਨਾਂ ਦਾ ਹੁੰਦਾ ਹੈ ਅਤੇ ਲੀਪ ਦੇ ਸਾਲ ਵਿਚ 29 ਦਿਨਾਂ ਦਾ | ਅਜਿਹੇ ਵਿਚ ਸਰਕਾਰੀ ਵਿਭਾਗ ਵਲੋਂ 30 ਫਰਵਰੀ ਦੀ ਤਰੀਕ ਲਿਖਣਾ ਅਧਿਕਾਰੀਆਂ ਦੀ ਵੱਡੀ ਲਾਪਰਵਾਹੀ ਨੂੰ ਦਰਸਾਉਂਦਾ ਹੈ | ਹੈਰਾਨੀਜਨਕ ਪਹਿਲੂ ਇਹ ਹੈ ਕਿ ਇਸ ਵੱਡੀ ਗ਼ਲਤੀ ਦੇ ਸਾਹਮਣੇ ਆਉਣ ਤੋਂ ਬਾਅਦ ਵੀ ਬੋਰਡ ਵਲੋਂ ਅਜੇ ਤੱਕ ਕੋਈ ਸਪਸ਼ਟੀਕਰਨ ਜਾਂ ਸੋਧ ਪੱਤਰ ਜਾਰੀ ਨਹੀਂ ਕੀਤਾ ਗਿਆ | ਉਮੀਦਵਾਰਾਂ ਅਤੇ ਬੁੱਧੀਜੀਵੀ ਵਰਗ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਇਸ ਮਾਮਲੇ ਦਾ ਸਖ਼ਤ ਨੋਟਿਸ ਲਵੇ ਅਤੇ ਅਜਿਹੀਆਂ ਗ਼ਲਤੀਆਂ ਕਰਨ ਵਾਲੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰੇ, ਤਾਂ ਜੋ ਭਵਿੱਖ ਵਿਚ ਬੇਰੁਜ਼ਗਾਰ ਨੌਜਵਾਨਾਂ ਨੂੰ ਅਜਿਹੀ ਮਾਨਸਿਕ ਪ੍ਰੇਸ਼ਾਨੀ ਅਤੇ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਏ |