ਸ੍ਰੀ ਅਨੰਦਪੁਰ ਸਾਹਿਬ, 26 ਫਰਵਰੀ (ਜੇ ਐਸ ਨਿੱਕੂਵਾਲ, ਕਰਨੈਲ ਸਿੰਘ)- ਉੱਘੇ ਸਿੱਖ ਵਿਦਵਾਨ ਅਤੇ ਭਾਈ ਗੁਰਦਾਸ ਇੰਸਟੀਚਿਊਟ ਆਫ ਐਡਵਾਂਸਡਜ ਸਿੱਖ ਸਟੱਡੀਜ਼ ਦੇ ਮੁਖੀ ਭਾਈ ਹਰਿਸ਼ਿਮਰਨ ਸਿੰਘ (76) ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ | ਦੱਸਣਯੋਗ ਹੈ ਕਿ ਭਾਈ ਹਰਿਸ਼ਿਮਰਨ ਸਿੰਘ ਵਲੋਂ 19 ਕਿਤਾਬਾਂ ਲਿਖ ਕੇ ਸਿੱਖ ਪੰਥ ਦੀ ਝੋਲੀ ਵਿਚ ਪਾਈਆਂ ਗਈਆਂ | ਉਨ੍ਹਾਂ ਆਪਣੀ 20ਵੀਂ ਪੁਸਤਕ ਸਵੈ-ਜੀਵਨੀ ਲਿਖ ਕੇ ਮੁਕੰਮਲ ਕਰ ਦਿੱਤੀ ਸੀ, ਜਿਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਮੌਕੇ ਜਾਰੀ ਕੀਤਾ ਜਾਣਾ ਸੀ ਪਰੰਤੂ ਅਜਿਹਾ ਸੰਭਵ ਨਹੀ ਹੋ ਸਕਿਆ | ਉਹ ਆਪਣੇ ਪਿੱਛੇ ਪਤਨੀ ਬੀਬੀ ਕੁਲਵੰਤ ਕੌਰ ਤੋਂ ਇਲਾਵਾ ਇਕ ਪੁੱਤਰ ਵੀਰਦਵਿੰਦਰ ਸਿੰਘ ਅਤੇ ਦੋ ਪੁੱਤਰੀਆਂ ਸਤਿੰਦਰ ਕੌਰ ਅਤੇ ਡਾ. ਰਵਨੀਤ ਕੌਰ ਦਾ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਭਾਈ ਹਰਸ਼ਿਮਰਨ ਸਿੰਘ ਦਾ ਸਸਕਾਰ 27 ਫਰਵਰੀ ਨੂੰ ਦੁਪਹਿਰ 12.30 ਵਜੇ ਸ੍ਰੀ ਅਨੰਦਪੁਰ ਸਾਹਿਬ ਦੀ ਚਰਨ ਗੰਗਾ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ | ਹਰਿਸ਼ਿਮਰਨ ਸਿੰਘ ਅਕਾਲ ਚਲਾਣੇ 'ਤੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਡਾ. ਦਲਜੀਤ ਸਿੰਘ ਭਿੰਡਰ, ਭਾਈ ਅਮਰਜੀਤ ਸਿੰਘ ਚਾਵਲਾ, ਸਾਬਕਾ ਜਥੇਦਾਰ ਪ੍ਰੋ: ਮਨਜ਼ੀਤ ਸਿੰਘ, ਬਾਬਾ ਬਲਬੀਰ ਸਿੰਘ, ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ, ਬਾਬਾ ਸਤਨਾਮ ਸਿੰਘ, ਬਾਬਾ ਕਰਮਜੀਤ ਸਿੰਘ ਤੇ ਬਾਬਾ ਬਲਵੀਰ ਸਿੰਘ, ਬਾਬਾ ਪ੍ਰੀਤਮ ਸਿੰਘ ਡੁਮੇਲੀ ਵਾਲਿਆਂ, ਬਾਬਾ ਤੀਰਥ ਸਿੰਘ ਤਪ ਅਸਥਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |