ਅੰਮਿ੍ਤਸਰ, 5 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਵਧਦੇ ਖ਼ਤਰੇ ਦੇ ਮੱਦੇਨਜ਼ਰ ਅਮਰੀਕਾ ਨੇ ਗ਼ੈਰ-ਐਮਰਜੈਂਸੀ ਸਰਕਾਰੀ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲਾਹੌਰ ਅਤੇ ਕਰਾਚੀ ਵਿਚ ਅਮਰੀਕੀ ਕੌਂਸਲੇਟ ਛੱਡਣ ਦਾ ਹੁਕਮ ਦਿੱਤਾ ਹੈ | ਅਮਰੀਕਾ ਅਤੇ ਈਰਾਨ ਵਿਚਕਾਰ ਜਾਰੀ ਫ਼ੌਜੀ ਟਕਰਾਅ ਅਤੇ ਤਣਾਅ ਦੌਰਾਨ ਪਾਕਿ 'ਚ ਸੁਰੱਖਿਆ ਸਥਿਤੀ ਵਿਗੜ ਗਈ ਹੈ | ਦਰਅਸਲ, ਈਰਾਨ 'ਚ ਯੁੱਧ ਦੌਰਾਨ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਬਾਅਦ ਪਾਕਿ 'ਚ ਅਮਰੀਕੀ ਕਰਮਚਾਰੀਆਂ ਲਈ ਖ਼ਤਰਾ ਵਧ ਗਿਆ ਹੈ | ਪਿਛਲੇ ਐਤਵਾਰ ਭੀੜ ਨੇ ਕਰਾਚੀ ਅਤੇ ਲਾਹੌਰ 'ਚ ਅਮਰੀਕੀ ਕੌਂਸਲੇਟ 'ਤੇ ਹਮਲਾ ਕੀਤਾ, ਜਿਸ ਨਾਲ ਅਮਰੀਕੀ ਮਰੀਨ ਨੂੰ ਗੋਲੀਬਾਰੀ ਕਰਨੀ ਪਈ | ਇਸ ਤੋਂ ਬਾਅਦ ਕਰਾਚੀ, ਲਾਹੌਰ ਅਤੇ ਇਸਲਾਮਾਬਾਦ 'ਚ ਅਮਰੀਕੀ ਦੂਤਾਵਾਸਾਂ ਅਤੇ ਕੌਂਸਲੇਟਾਂ ਨੇ ਵੀਜ਼ਾ ਸੇਵਾਵਾਂ ਅਤੇ ਨਾਗਰਿਕ ਸੇਵਾਵਾਂ ਲਈ ਮੁਲਾਕਾਤਾਂ ਨੂੰ ਰੱਦ ਜਾਂ ਮੁਲਤਵੀ ਕਰ ਦਿੱਤਾ ਹੈ |