ਅੰਮਿ੍ਤਸਰ, 6 ਮਾਰਚ (ਸੁਰਿੰਦਰ ਕੋਛੜ)-ਭਾਰਤ ਅਤੇ ਕੈਨੇਡਾ ਵਿਚਕਾਰ ਲੰਬੇ ਸਮੇਂ ਦੇ ਯੂਰੇਨੀਅਮ ਸਪਲਾਈ ਸਮਝੌਤੇ ਅਤੇ ਊਰਜਾ ਖੇਤਰ 'ਚ ਵਧ ਰਹੇ ਸਹਿਯੋਗ ਤੋਂ ਪਾਕਿਸਤਾਨ ਚਿੰਤਤ ਹੈ | ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਹਾਲੀਆ ਭਾਰਤ ਫੇਰੀ ਦੌਰਾਨ ਦੋਵਾਂ ਦੇਸ਼ਾਂ ਨੇ ਪ੍ਰਮਾਣੂ ਊਰਜਾ ਅਤੇ ਮਹੱਤਵਪੂਰਨ ਖਣਿਜਾਂ ਦੀ ਸਪਲਾਈ ਬਾਰੇ ਮਹੱਤਵਪੂਰਨ ਸਮਝੌਤਿਆਂ 'ਤੇ ਦਸਤਖ਼ਤ ਕੀਤੇ, ਜਿਸ ਨੂੰ ਪਾਕਿ ਨੇ ਦੱਖਣੀ ਏਸ਼ੀਆ ਵਿਚ ਰਣਨੀਤਕ ਸੰਤੁਲਨ ਲਈ ਖ਼ਤਰਾ ਦੱਸਿਆ ਹੈ | ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਤਾਹਿਰ ਹੁਸੈਨ ਅੰਦਰਾਬੀ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਵਿਚਕਾਰ ਯੂਰੇਨੀਅਮ ਸਪਲਾਈ ਅਤੇ ਛੋਟੇ ਮਾਡਿਊਲਰ ਰਿਐਕਟਰਾਂ 'ਤੇ ਸਮਝੌਤਾ ਚਿੰਤਾ ਦਾ ਵਿਸ਼ਾ ਹੈ | ਇਸ ਨਾਲ ਭਾਰਤ ਆਪਣੇ ਘਰੇਲੂ ਪ੍ਰਮਾਣੂ ਭੰਡਾਰ ਨੂੰ ਫ਼ੌਜੀ ਉਦੇਸ਼ਾਂ ਲਈ ਵਰਤ ਸਕੇਗਾ | ਪਾਕਿ ਨੇ ਦੋਸ਼ ਲਗਾਇਆ ਕਿ ਇਹ ਸਮਝੌਤਾ ਕੌਮਾਂਤਰੀ ਪ੍ਰਮਾਣੂ ਗ਼ੈਰ-ਪ੍ਰਸਾਰ ਨਿਯਮਾਂ ਦੀ ਉਲੰਘਣਾ ਕਰਦਾ ਹੈ ਅਤੇ ਭਾਰਤ ਦੇ ਪ੍ਰਮਾਣੂ ਹਥਿਆਰਾਂ ਦੇ ਭੰਡਾਰ ਦਾ ਵਿਸਤਾਰ ਕਰੇਗਾ | ਇਸ ਦੌਰਾਨ ਕੂਟਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਦਾ ਪ੍ਰਮਾਣੂ ਪ੍ਰੋਗਰਾਮ ਸਿਰਫ਼ ਸ਼ਾਂਤੀਪੂਰਨ ਉਦੇਸ਼ਾਂ ਅਤੇ ਊਰਜਾ ਸੁਰੱਖਿਆ ਲਈ ਹੈ | ਭਾਰਤ ਨੇ ਹਮੇਸ਼ਾ ਕੌਮਾਂਤਰੀ ਮਾਪਦੰਡਾਂ ਦੀ ਪਾਲਣਾ ਕੀਤੀ ਹੈ |