ਗੁਰਦਾਸਪੁਰ, 8 ਮਾਰਚ (ਗੁਰਪ੍ਰਤਾਪ ਸਿੰਘ)-ਬੀਤੀ 25 ਫਰਵਰੀ ਦੀ ਸਵੇਰ ਨੂੰ ਆਦੀਆਂ ਚੈੱਕ ਪੋਸਟ ਮਾਮਲੇ ਵਿਚ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਰਣਜੀਤ ਸਿੰਘ ਦਾ ਅੰਤਿਮ ਸਸਕਾਰ ਅੱਜ ਉਸ ਦੇ ਪਿੰਡ ਆਦੀਆਂ ਵਿਖੇ ਹੋਵੇਗਾ | ਇਹ ਫੈਸਲਾ ਪਰਿਵਾਰਕ ਮੈਂਬਰਾਂ ਅਤੇ ਐਕਸ਼ਨ ਕਮੇਟੀ ਵਲੋਂ ਸਹਿਮਤੀ ਨਾਲ ਲਿਆ ਗਿਆ | ਇਸ ਸਬੰਧੀ ਰਣਜੀਤ ਸਿੰਘ ਦੀ ਮਾਤਾ ਸੁਖਜਿੰਦਰ ਕੌਰ, ਚਾਚਾ ਚੰਦ ਪੁਰੀ ਸਿੰਘ ਅਤੇ ਹਰਵਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਪਰਿਵਾਰ ਅਤੇ ਐਕਸ਼ਨ ਕਮੇਟੀ ਵਲੋਂ ਇਹ ਫੈਸਲਾ ਲਿਆ ਗਿਆ ਸੀ ਕਿ ਜਿੰਨ੍ਹੀ ਦੇਰ ਤੱਕ ਪੰਜਾਬ ਸਰਕਾਰ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਜਾਂ ਪੰਜਾਬ ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਨਹੀਂ ਕਰਵਾਉਂਦੀ, ਉਸ ਵਕਤ ਤੱਕ ਰਣਜੀਤ ਸਿੰਘ ਦੀ ਮਿ੍ਤਕ ਦੇਹ ਦਾ ਸਸਕਾਰ ਨਹੀਂ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਹੁਣ ਜਦੋਂ ਪੰਜਾਬ ਹਰਿਆਣਾ ਹਾਈਕੋਰਟ ਦੀ ਡਬਲ ਬੈਂਚ ਅਦਾਲਤ ਵਲੋਂ ਇਸ ਮੁਕਾਬਲੇ ਸਬੰਧੀ ਸੂ ਮੋਟੋ ਲੈ ਲਿਆ ਗਿਆ ਹੈ, ਤਾਂ ਉਨ੍ਹਾਂ ਵਲੋਂ 9 ਮਾਰਚ ਨੰੂ ਡੀ.ਸੀ. ਦਫ਼ਤਰ ਮੂਹਰੇ ਦਿੱਤੇ ਜਾਣ ਵਾਲੇ ਧਰਨਾ ਨੰੂ ਰੱਦ ਕਰਕੇ ਮਿ੍ਤਕ ਰਣਜੀਤ ਸਿੰਘ ਦਾ ਅੰਤਿਮ ਸਸਕਾਰ ਕਰਨ ਦਾ ਫੈਸਲਾ ਲਿਆ ਗਿਆ ਹੈ | ਐਕਸ਼ਨ ਕਮੇਟੀ ਵਲੋਂ ਭਾਰਤ ਸਰਕਾਰ ਨੰੂ ਅਪੀਲ ਕੀਤੀ ਗਈ ਹੈ ਕਿ ਰਣਜੀਤ ਸਿੰਘ ਦੇ ਪਿਤਾ ਜੋ ਕਿ ਪਿਛਲੇ 10 ਸਾਲਾਂ ਤੋਂ ਸਾਊਦੀ ਅਰਬ ਵਿਚ ਰਹਿ ਰਹੇ ਹਨ, ਨੰੂ ਵਾਪਸ ਲਿਆਂਦਾ ਜਾਵੇ | ਇਸ ਮੀਟਿੰਗ ਵਿਚ ਗੁਰਮੀਤ ਸਿੰਘ ਬਖਤਪੁਰਾ, ਗੁਲਜਾਰ ਸਿੰਘ ਬਸੰਤ ਕੋਟ, ਜਗਜੀਤ ਸਿੰਘ ਅਲੂਣਾ, ਰਘੁਬੀਰ ਸਿੰਘ ਚਾਹਲ, ਅਨੋਖ ਸਿੰਘ ਸੁਲਤਾਨੀ, ਐਸ.ਪੀ. ਸਿੰਘ ਗੋਸ਼ਲ, ਹਰਜੀਤ ਸਿੰਘ ਕਾਹਲੋਂ, ਦਲਬੀਰ ਸਿੰਘ ਚਾਹਲ, ਪ੍ਰੇਮ ਮਸੀਹ, ਅਰਜਨ ਸਿੰਘ ਹਰਦਾਨ, ਸੰਜੀਵ ਮਿੰਟੂ ਅਤੇ ਪਰਿਵਾਰਕ ਮੈਂਬਰ ਸ਼ਾਮਿਲ ਸਨ |
ਪੁਲਿਸ ਮੁਕਾਬਲੇ 'ਚ ਮਾਰੇ ਗਏ ਰਣਜੀਤ ਸਿੰਘ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ <br/>
ਅਜੀਤ ਡੈਸਕ
09-03-2026