ਮੂਨਕ, 8 ਮਾਰਚ (ਕੇਵਲ ਸਿੰਗਲਾ)-ਵਿਸ਼ਵ ਪੱਧਰ 'ਤੇ ਬਣੇ ਤਣਾਅ ਦੇ ਬਾਵਜੂਦ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਦੇਸ਼ ਵਿਚ ਖ਼ਰੀਫ਼ ਫ਼ਸਲਾਂ ਲਈ ਖਾਦ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਸਰਕਾਰੀ ਸੂਤਰਾਂ ਮੁਤਾਬਕ ਖ਼ਰੀਫ਼ ਮੌਸਮ ਤੋਂ ਪਹਿਲਾਂ ਦੇਸ਼ ਵਿਚ ਖਾਦ ਦਾ ਭੰਡਾਰ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ | ਜਾਣਕਾਰੀ ਅਨੁਸਾਰ ਇਸ ਵੇਲੇ ਦੇਸ਼ ਵਿਚ ਕੁੱਲ ਖਾਦ ਦਾ ਭੰਡਾਰ ਲਗਭਗ 177.31 ਲੱਖ ਟਨ ਹੈ, ਜੋ ਪਿਛਲੇ ਸਾਲ ਦੇ 129.85 ਲੱਖ ਟਨ ਦੇ ਮੁਕਾਬਲੇ ਕਰੀਬ 36.5 ਫ਼ੀਸਦੀ ਵੱਧ ਹੈ | ਖਾਦ ਵਿਭਾਗ ਦੇ ਅਨੁਸਾਰ ਇਸ ਸਮੇਂ ਯੂਰੀਆ ਦਾ ਸਟਾਕ 59.30 ਲੱਖ ਟਨ, ਡੀ.ਏ.ਪੀ. 25.13 ਲੱਖ ਟਨ ਅਤੇ ਐਨ.ਪੀ.ਕੇ. ਖਾਦ 55.87 ਲੱਖ ਟਨ ਮੌਜੂਦ ਹੈ, ਜੋ ਖ਼ਰੀਫ਼ ਫ਼ਸਲਾਂ ਲਈ ਸਭ ਤੋਂ ਵੱਧ ਵਰਤੀ ਜਾਂਦੀ ਹੈ | ਸਰਕਾਰੀ ਸੂਤਰਾਂ ਮੁਤਾਬਕ ਫਰਵਰੀ 2026 ਤੱਕ ਭਾਰਤ ਵਲੋਂ ਲਗਭਗ 98 ਲੱਖ ਟਨ ਖਾਦ ਦੀ ਆਯਾਤ ਕੀਤੀ ਜਾ ਚੁੱਕੀ ਹੈ, ਜਦਕਿ ਅਗਲੇ ਤਿੰਨ ਮਹੀਨਿਆਂ ਦੌਰਾਨ ਹੋਰ 17 ਲੱਖ ਟਨ ਖਾਦ ਦੇਸ਼ ਵਿਚ ਪਹੁੰਚਣ ਦੀ ਸੰਭਾਵਨਾ ਹੈ | ਇਸ ਤੋਂ ਇਲਾਵਾ ਭਾਰਤੀ ਕੰਪਨੀਆਂ ਵਲੋਂ ਫਾਸਫੇਟ ਅਤੇ ਪੋਟਾਸ਼ ਖਾਦ ਲਈ ਅੰਤਰਰਾਸ਼ਟਰੀ ਕੰਪਨੀਆਂ ਨਾਲ ਲੰਬੇ ਸਮੇਂ ਦੇ ਸਮਝੌਤੇ ਵੀ ਕੀਤੇ ਗਏ ਹਨ | ਸਰਕਾਰ ਦਾ ਕਹਿਣਾ ਹੈ ਕਿ ਖਾਦ ਉਦਯੋਗ ਲਈ ਕੁਦਰਤੀ ਗੈੱਸ ਦੀ ਸਪਲਾਈ ਨੂੰ ਰਾਸ਼ਟਰੀ ਤਰਜੀਹ ਦਿੱਤੀ ਗਈ ਹੈ | ਇਸ ਦੇ ਨਾਲ ਹੀ ਖਾਦ ਫ਼ੈਕਟਰੀਆਂ ਨੇ ਆਪਣੀਆਂ ਰੱਖ-ਰਖਾਅ ਸੰਬੰਧੀ ਬੰਦਿਸ਼ਾਂ ਮਾਰਚ ਮਹੀਨੇ ਵਿਚ ਪਹਿਲਾਂ ਹੀ ਪੂਰੀ ਕਰਨ 'ਤੇ ਸਹਿਮਤੀ ਦਿੱਤੀ ਹੈ ਤਾਂ ਜੋ ਖ਼ਰੀਫ਼ ਮੌਸਮ ਦੌਰਾਨ ਉਤਪਾਦਨ 'ਤੇ ਕੋਈ ਅਸਰ ਨਾ ਪਵੇ |