28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਕਣਕ ਦੀ ਫ਼ਸਲ ਲਈ ਵਧ ਰਿਹਾ ਤਾਪਮਾਨ ਬੇਹੱਦ ਖ਼ਤਰਨਾਕ <br/>

Ad Position 21
No active advertisement
ਅਜੀਤ ਡੈਸਕ 09-03-2026

ਮਲੇਰਕੋਟਲਾ, 8 ਮਾਰਚ (ਮਨਜਿੰਦਰ ਸਿੰਘ ਸਰੌਦ)-ਪਿਛਲੇ ਦਿਨਾਂ ਤੋਂ ਪੰਜਾਬ ਦੇ ਅੰਦਰ ਮੌਸਮ ਦੀ ਬਦਲੀ 'ਕਰਵਟ' ਨੇ ਕਿਸਾਨ ਵਰਗ ਨੂੰ 'ਚਿੰਤਾ ਦੇ ਚੱਕਰਵਿਊ' ਵਿਚ ਧੱਕਣਾ ਸ਼ੁਰੂ ਕਰ ਦਿੱਤਾ ਹੈ | ਮੌਜੂਦਾ ਸਮੇਂ ਕਣਕ ਦੀ ਫ਼ਸਲ ਦੇ ਨਿਸਾਰੇ 'ਤੇ ਹੋਣ ਕਾਰਨ ਅਚਾਨਕ ਵਧ ਰਿਹਾ ਤਾਪਮਾਨ ਫ਼ਸਲ ਲਈ ਖ਼ਤਰੇ ਦੀ ਘੰਟੀ ਮੰਨਿਆ ਜਾ ਰਿਹਾ ਹੈ, ਕਿਉਂਕਿ ਦਿਨ ਦਾ ਤਾਪਮਾਨ ਕਰੀਬ 33 ਡਿਗਰੀ 'ਤੇ ਪਹੁੰਚ ਚੁੱਕਿਆ ਹੋਣ ਕਾਰਨ ਕਣਕ ਦੀ ਫ਼ਸਲ ਸਮੇਂ ਤੋਂ ਪਹਿਲਾਂ ਹੀ ਰੰਗ ਵਟਾ ਰਹੀ ਹੈ | ਖੇਤੀ ਮਾਹਿਰਾਂ ਅਨੁਸਾਰ ਇਸ ਪੜਾਅ 'ਤੇ ਆ ਕੇ ਫ਼ਸਲ ਨੂੰ ਮੌਸਮ ਠੰਡਾ ਮਿਲੇ ਤਾਂ ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਫ਼ਸਲ ਦਾ ਝਾੜ ਵਧੀਆ ਹੋਵੇਗਾ ਪ੍ਰੰਤੂ ਪਿਛਲੇ ਦਿਨਾਂ ਤੋਂ ਵਧ ਰਹੀ ਮੌਸਮੀ ਤਪਸ਼ ਖੇਤੀ ਖੇਤਰ ਲਈ ਬੇਹੱਦ ਖ਼ਤਰਨਾਕ ਮੰਨੀ ਜਾ ਰਹੀ ਹੈ | ਪੰਜਾਬ ਦੇ ਕਿਸਾਨਾਂ ਵਲੋਂ ਇਸ ਵਾਰ ਕਣਕ ਦੇ ਐਚ.ਡੀ. 327 ਪੀ.ਬੀ.ਡਬਲਯੂ 872 ਤੋਂ ਇਲਾਵਾ ਐਚ.ਡੀ. 327 ਤੇ 372 ਆਦਿ ਬੀਜਾਂ ਦੀ ਬਿਜਾਈ ਕੀਤੀ ਗਈ ਸੀ | ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੀ ਵਢਾਈ ਦੇ ਵਿਚ ਮਹਿਜ਼ 1 ਮਹੀਨਾ ਬਾਕੀ ਬਚਿਆ ਹੈ ਜਿਸ ਨੂੰ ਵੇਖਦੇ ਹੋਏ ਮੌਸਮ ਦੇ ਵਿਚ ਵਧ ਰਹੀ ਤਪਸ਼ ਫ਼ਸਲ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ | ਕਣਕ ਦੀ ਫ਼ਸਲ ਦੇ ਨਿਸਾਰੇ 'ਤੇ ਹੋਣ ਕਾਰਨ ਉਸਨੂੰ ਠੰਡੇ ਮੌਸਮ ਦੀ ਲੋੜ ਹੈ ਪ੍ਰੰਤੂ ਹੁਣ ਪਿਛਲੇ ਦਿਨਾਂ ਤੋਂ ਅਚਾਨਕ ਮੌਸਮ ਦੀ ਬਦਲੀ ਕਰਵਟ ਨੇ ਤਾਪਮਾਨ ਦੇ ਵਿਚ ਅਚਾਨਕ ਵਾਧਾ ਕਰ ਦਿੱਤਾ ਹੈ, ਜਿਸ ਦੇ ਕਣਕ ਦੀ ਫ਼ਸਲ ਲਈ ਖ਼ਤਰਨਾਕ ਸਾਬਤ ਹੋਣ ਦਾ ਖ਼ਦਸ਼ਾ ਹੈ | ਕਿਸਾਨਾਂ ਨੂੰ ਆਏ ਦਿਨ ਪੈ ਰਹੀਆਂ ਮਾਰਾਂ ਨੇ ਉਸ ਦਾ ਲੱਕ ਤੋੜ ਦਿੱਤਾ ਹੈ | ਕਣਕ ਦੀ ਫ਼ਸਲ ਤੋਂ ਇਲਾਵਾ ਤਾਪਮਾਨ ਦੇ ਵਾਧੇ ਨੇ ਸਬਜ਼ੀ ਨੂੰ ਵੀ ਝੰਬਣਾ ਸ਼ੁਰੂ ਕਰ ਦਿੱਤਾ ਹੈ | ਸਬਜ਼ੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਗੋਭੀ ਸਣੇ ਕਈ ਫ਼ਸਲਾਂ ਜ਼ਿਆਦਾ ਗਰਮੀ ਤੋਂ ਪ੍ਰਭਾਵਿਤ ਹੋ ਰਹੀਆਂ ਹਨ |
ਕੀ ਕਹਿਣਾ ਹੈ ਖੇਤੀਬਾੜੀ ਮਾਹਿਰਾਂ ਦਾ-
ਤਾਪਮਾਨ ਵਿਚ ਵੱਡੀ ਤਬਦੀਲੀ ਸਬੰਧੀ ਖੇਤੀਬਾੜੀ ਮਾਹਿਰਾਂ ਦਾ ਆਖਣਾ ਹੈ ਕਿ ਫ਼ਸਲਾਂ ਨੂੰ ਮੌਸਮ ਵੇਖ ਕੇ ਹੀ ਪਾਣੀ ਲਗਾਇਆ ਜਾਵੇ | ਵੱਧ ਰਹੇ ਤਾਪਮਾਨ ਦੇ ਕਾਰਨ ਕਈ ਖੇਤਰਾਂ ਅੰਦਰ ਸਬਜ਼ੀ ਦੀ ਫ਼ਸਲ ਮੁਰਝਾ ਰਹੀ ਹੋਣ ਕਾਰਨ ਫ਼ਸਲ ਨੂੰ ਕਿਸਾਨ ਵੇਖੋ-ਵੇਖੀ ਪਾਣੀ ਲਗਾ ਰਹੇ ਹਨ | ਮੌਜੂਦਾ ਸਮੇਂ ਫ਼ਸਲਾਂ ਨੂੰ ਸਪਰੇਅ ਦੀ ਕੋਈ ਲੋੜ ਨਹੀਂ | ਕਣਕ ਦੀ ਫ਼ਸਲ ਨੂੰ ਆਖ਼ਰੀ ਪਾਣੀ ਹੋਣ ਕਾਰਨ ਤੇਜ਼ ਹਵਾਵਾਂ ਆਦਿ ਵੇਖ ਕੇ ਹੀ ਸਿੰਚਾਈ ਕੀਤੀ ਜਾਵੇ ਤਾਂ ਠੀਕ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਘੱਟਦਾ ਲਿੰਗ ਅਨੁਪਾਤ ਬਣਿਆ ਸਮਾਜ ਲਈ ਚਿੰਤਾ ਦਾ ਵਿਸ਼ਾ <br/> ਅਗਲੀ ਖ਼ਬਰ ਪਾਕਿ ਅਫ਼ਗਾਨਿਸਤਾਨ 'ਚ ਚੀਨੀ ਬੁਨਿਆਦੀ ਢਾਂਚਿਆਂ ਤੇ ਨਿਵੇਸ਼ ਪ੍ਰਾਜੈਕਟਾਂ ਨੂੰ ਬਣਾ ਰਿਹਾ ਨਿਸ਼ਾਨਾ <br/>
Ad Position 24