ਅੰਮਿ੍ਤਸਰ, 9 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਚੱਲ ਰਹੇ ਖੇਤਰੀ ਟਕਰਾਵਾਂ ਅਤੇ ਸਰਹੱਦ ਪਾਰ ਸੁਰੱਖਿਆ ਖ਼ਤਰਿਆਂ ਦਾ ਹਵਾਲਾ ਦਿੰਦੇ ਹੋਏ ਪਾਕਿ ਦੇ ਰੱਖਿਆ ਬਜਟ 'ਚ ਵਾਧੇ ਦੀ ਮੰਗ ਕੀਤੀ ਹੈ | ਉਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਅਮਰੀਕਾ-ਈਰਾਨ ਯੁੱਧ ਅਤੇ ਗੁਆਂਢੀ ਦੇਸ਼ਾਂ ਨਾਲ ਤਣਾਅ ਦੇ ਵਿਚਕਾਰ ਪਾਕਿ ਦੀਆਂ ਰਣਨੀਤਕ ਚੁਣੌਤੀਆਂ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਹ ਖੇਤਰ ਇਸ ਸਮੇਂ ਯੁੱਧ 'ਚ ਉਲਝਿਆ ਹੋਇਆ ਹੈ ਅਤੇ ਪਾਕਿ ਨੂੰ ਵੀ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦਲੀਲ ਦਿੱਤੀ ਕਿ ਮੌਜੂਦਾ ਸਥਿਤੀ 'ਚ ਤਿਆਰੀ ਨੂੰ ਯਕੀਨੀ ਬਣਾਉਣ ਲਈ ਸਾਡੇ ਰੱਖਿਆ ਬਜਟ ਨੂੰ ਵਧਾਉਣਾ ਜ਼ਰੂਰੀ ਹੈ | ਰੱਖਿਆ ਮੰਤਰੀ ਨੇ ਵੱਡੇ ਵਿਰੋਧੀਆਂ ਵਿਰੁੱਧ ਪਾਕਿ ਦੀ ਇਤਿਹਾਸਕ ਲਚਕਤਾ ਬਾਰੇ ਗੱਲ ਕਰਦਿਆਂ ਦਾਅਵਾ ਕੀਤਾ ਕਿ ਭਾਰਤ ਨੇ ਵਾਰ-ਵਾਰ ਪਾਕਿ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਪਰ ਦੇਸ਼ ਨੇ ਹਰ ਵਾਰ ਆਪਣਾ ਬਚਾਅ ਕੀਤਾ ਹੈ | ਉਨ੍ਹਾਂ ਨੇ ਅਫ਼ਗਾਨਿਸਤਾਨ ਤੋਂ ਸਰਹੱਦ ਪਾਰ ਹਮਲਿਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਪਾਕਿ ਫ਼ਿਤਨਾ ਅਲ-ਖਵਾਰੀਜ ਵਰਗੇ ਅੱਤਵਾਦੀ ਸਮੂਹਾਂ ਦੇ ਖ਼ਤਰਿਆਂ ਨੂੰ ਬਰਦਾਸ਼ਤ ਨਹੀਂ ਕਰੇਗਾ |