10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਰਣਜੀਤ ਸਿੰਘ ਦਾ ਪਿੰਡ ਆਦੀ ਵਿਖੇ ਕੀਤਾ ਅੰਤਿਮ ਸਸਕਾਰ

Ad Position 21
No active advertisement
ਅਜੀਤ ਡੈਸਕ 10-03-2026

ਵੱਡੀ ਗਿਣਤੀ 'ਚ ਪਿੰਡ ਵਾਸੀ ਤੇ ਵੱਖ-ਵੱਖ ਜਥੇਬੰਦੀਆਂ ਰਹੀਆਂ ਹਾਜ਼ਰ
ਗੁਰਦਾਸਪੁਰ, 9 ਮਾਰਚ (ਚੱਕਰਾਜਾ)-ਥਾਣਾ ਦੋਰਾਂਗਲਾ ਅੰਦਰ ਪੈਂਦੇ ਪਿੰਡ ਆਦੀ ਵਿਖੇ ਚੈੱਕ ਪੋਸਟ 'ਤੇ ਮਾਰੇ ਗਏ 2 ਪੁਲਿਸ ਮੁਲਾਜ਼ਮਾਂ ਦੇ ਮਾਮਲੇ 'ਚ 28 ਫਰਵਰੀ ਨੰੂ ਇਕ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਪਿੰਡ ਆਦੀ ਦੇ 19 ਸਾਲਾ ਨੌਜਵਾਨ ਰਣਜੀਤ ਸਿੰਘ ਦਾ ਅੱਜ ਪਿੰਡ ਆਦੀ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ | ਇਸ ਮੌਕੇ ਵੱਡੀ ਪੱਧਰ 'ਤੇ ਪਹੁੰਚੀਆਂ ਵੱਖ ਵੱਖ ਜਥੇਬੰਦੀਆਂ ਦੇ ਆਗੂ ਤੇ ਇਲਾਕਾ ਵਾਸੀਆਂ ਵਲੋਂ ਹੱਥਾਂ 'ਚ ਕਾਲੇ ਝੰਡੇ ਫੜ ਕੇ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਰਣਜੀਤ ਸਿੰਘ ਦੇ ਪਰਿਵਾਰ ਨੰੂ ਨਿਆਂ ਦੇਣ ਦੀ ਮੰਗ ਕੀਤੀ ਗਈ |
ਅੱਜ ਉਸ ਸਮੇਂ ਹਾਲਾਤ ਅਤਿ ਭਾਵੁਕ ਬਣ ਗਏ, ਜਦੋਂ ਰਣਜੀਤ ਸਿੰਘ ਦੀ ਅੰਤਿਮ ਵਿਦਾਈ ਮੌਕੇ ਉਸ ਦੀਆਂ ਭੈਣਾਂ ਅਤੇ ਪਰਿਵਾਰ ਵਲੋਂ ਵਿਆਹ ਜਿਹੀਆਂ ਸਾਰੀਆਂ ਰਸਮਾਂ ਨਿਭਾਉਂਦੇ ਹੋਏ ਉਸ ਨੰੂ ਸਿਹਰਾ ਸਜਾ ਕੇ ਘਰੋਂ ਤੋਰਿਆ ਗਿਆ | ਇਸ ਮੌਕੇ ਭਾਵੁਕ ਹਾਲਾਤਾਂ 'ਚ ਕੋਈ ਵੀ ਅਜਿਹਾ ਵਿਅਕਤੀ ਨਹੀਂ, ਜਿਸ ਦੀ ਅੱਖ ਨਮ ਨਾ ਹੋਈ ਹੋਵੇ | ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਬਣੀ ਐਕਸ਼ਨ ਕਮੇਟੀ ਵਲੋਂ ਪਹਿਲਾਂ ਇਹ ਕਹਿ ਕੇ ਰਣਜੀਤ ਸਿੰਘ ਦਾ ਸਸਕਾਰ ਕਰਨ ਤੋਂ ਨਾਂਹ ਕੀਤੀ ਜਾ ਰਹੀ ਸੀ ਕਿ ਜਿੰਨੀ ਦੇਰ ਤੱਕ ਪਰਿਵਾਰ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਰਣਜੀਤ ਸਿੰਘ ਦੇ ਮਿ੍ਤਕ ਸਰੀਰ ਦਾ ਸਸਕਾਰ ਨਹੀਂ ਕੀਤਾ ਜਾਵੇਗਾ | ਪਰ ਪਰਿਵਾਰ ਅਤੇ ਐਕਸ਼ਨ ਕਮੇਟੀ ਅਨੁਸਾਰ ਰਣਜੀਤ ਸਿੰਘ ਦਾ ਮਿ੍ਤਕ ਸਰੀਰ ਖ਼ਰਾਬ ਹੋਣ ਦੇ ਖ਼ਦਸ਼ੇ ਕਾਰਨ ਅੱਜ ਉਨ੍ਹਾਂ ਨੰੂ ਅੰਤਿਮ ਸਸਕਾਰ ਕਰਨ ਦਾ ਫ਼ੈਸਲਾ ਲੈਣਾ ਪਿਆ ਹੈ | ਇਹ ਵੀ ਜ਼ਿਕਰਯੋਗ ਹੈ ਕਿ ਐਕਸ਼ਨ ਕਮੇਟੀ ਵਲੋਂ ਪਹਿਲਾਂ 9 ਮਾਰਚ ਨੰੂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਸਾਹਮਣੇ ਧਰਨਾ ਦੇਣ ਦਾ ਵੀ ਫ਼ੈਸਲਾ ਕੀਤਾ ਗਿਆ ਸੀ | ਪਰ ਹਾਲ ਦੀ ਘੜੀ ਇਸ ਨੰੂ ਵੀ ਟਾਲ ਦਿੱਤਾ ਗਿਆ ਅਤੇ ਰਣਜੀਤ ਸਿੰਘ ਦੇ 15 ਮਾਰਚ ਨੰੂ ਪਾਏ ਜਾ ਰਹੇ ਭੋਗ 'ਤੇ ਅਗਲੀ ਰਣਨੀਤੀ ਤਿਆਰ ਕਰਨ ਦੀ ਐਕਸ਼ਨ ਕਮੇਟੀ ਵਲੋਂ ਗੱਲ ਕਹੀ ਗਈ | ਅੱਜ ਪਰਿਵਾਰ ਵਲੋਂ ਸਰਕਾਰ ਤੋਂ ਮੁੜ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੇ ਬਣਾਏ ਮੁਕਾਬਲੇ ਦੀ ਸੀ.ਬੀ.ਆਈ ਜਾਂਚ ਕਰਵਾਈ ਜਾਵੇ ਅਤੇ ਇਸ ਮਾਮਲੇ 'ਚ ਸ਼ਾਮਿਲ ਪੁਲਿਸ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ |
ਆਪਣੇ ਪੁੱਤਰ ਦਾ ਮੂੰਹ ਨਹੀਂ ਦੇਖ ਸਕਿਆ ਪਿਤਾ
ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਿੰਘ ਦਾ ਪਿਤਾ ਉਸ ਸਮੇਂ ਵਿਦੇਸ਼ ਵਿਚ ਗਿਆ ਸੀ ਜਦੋਂ ਰਣਜੀਤ ਸਿੰਘ ਚੌਥੀ ਕਲਾਸ ਵਿਚ ਪੜ੍ਹਦਾ ਸੀ | ਵਿਦੇਸ਼ ਰਹਿੰਦਿਆਂ ਇਕ ਮਾਮਲੇ ਵਿਚ ਰਣਜੀਤ ਸਿੰਘ ਪਿਤਾ ਜੇਲ੍ਹ ਅੰਦਰ ਬੰਦ ਹੋਣ ਕਾਰਨ ਪਰਿਵਾਰ ਵਲੋਂ ਇਸ ਦੁੱਖ ਦੀ ਘੜੀ ਵਿਚ ਉਸ ਨੰੂ ਭਾਰਤ ਲਿਆਉਣ ਲਈ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਸੀ | ਪਰ ਪਰਿਵਾਰ ਦੀ ਮੰਗ ਪੂਰੀ ਨਾ ਹੋ ਸਕੀ | ਜਿਸ ਕਾਰਨ ਅੱਜ ਰਣਜੀਤ ਸਿੰਘ ਦੇ ਅੰਤਿਮ ਸਸਕਾਰ ਦੌਰਾਨ ਵੀ ਉਸ ਦਾ ਪਿਤਾ ਆਪਣੇ ਪੁੱਤਰ ਦਾ ਮੂੰਹ ਨਹੀਂ ਦੇਖ ਸਕਿਆ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਦੀ ਆਵਾਜ਼ ਬਣੇਗੀ ਮੋਗਾ ਦੀ 'ਬਦਲਾਅ ਰੈਲੀ' - ਬਲੀਏਵਾਲ <br/> ਅਗਲੀ ਖ਼ਬਰ ਪੰਜਾਬ 'ਚ ਸੜਕਾਂ 'ਤੇ ਪਏ ਟੋਇਆਂ ਨੇ ਲਈ 400 ਤੋਂ ਵੱਧ ਵਿਅਕਤੀਆਂ ਦੀ ਜਾਨ <br/>
Ad Position 24