ਕਰਜ਼ੇ ਅਤੇ ਮਹਿੰਗਾਈ ਨਾਲ ਜੂਝ ਰਹੇ ਪਾਕਿ ਲਈ ਬਣੀ ਦੋਹਰੀ ਆਰਥਿਕ ਚੁਣੌਤੀ
ਅੰਮਿ੍ਤਸਰ, 9 ਮਾਰਚ (ਸੁਰਿੰਦਰ ਕੋਛੜ)-ਪੱਛਮੀ ਏਸ਼ੀਆ 'ਚ ਵਧਦਾ ਟਕਰਾਅ ਹੁਣ ਪਾਕਿਸਤਾਨ ਦੀ ਪਹਿਲਾਂ ਤੋਂ ਹੀ ਕਮਜ਼ੋਰ ਅਰਥਵਿਵਸਥਾ 'ਤੇ ਭਾਰੀ ਪ੍ਰਭਾਵ ਪਾ ਰਿਹਾ ਹੈ | ਪਹਿਲਾਂ ਹੀ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿ ਨੂੰ ਹੁਣ ਤੇਲ ਦੀਆਂ ਵਧਦੀਆਂ ਕੀਮਤਾਂ ਦਾ ਇਕ ਨਵਾਂ ਝਟਕਾ ਲੱਗ ਸਕਦਾ ਹੈ | ਪਾਕਿ ਦੇ ਸੰਘੀ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਖ਼ੁਦ ਇਸ ਬਾਰੇ ਚਿਤਾਵਨੀ ਦਿੱਤੀ ਹੈ | ਉਨ੍ਹਾਂ ਕਿਹਾ ਕਿ ਜੇਕਰ ਮੌਜੂਦਾ ਸਥਿਤੀ ਜਾਰੀ ਰਹੀ ਤਾਂ ਦੇਸ਼ ਦਾ ਮਹੀਨਾਵਾਰ ਤੇਲ ਆਯਾਤ ਬਿੱਲ ਲਗਭਗ 60 ਕਰੋੜ ਡਾਲਰ ਤੱਕ ਪਹੁੰਚ ਸਕਦਾ ਹੈ | ਇਹ ਸਥਿਤੀ ਪਹਿਲਾਂ ਹੀ ਕਰਜ਼ੇ ਅਤੇ ਮਹਿੰਗਾਈ ਨਾਲ ਜੂਝ ਰਹੇ ਪਾਕਿਸਤਾਨ ਲਈ ਦੋਹਰੀ ਆਰਥਿਕ ਚੁਣੌਤੀ ਪੈਦਾ ਕਰਦੀ ਹੈ | ਪਾਕਿ ਵਿੱਤ ਮੰਤਰੀ ਨੇ ਇਕ ਬੈਠਕ ਦੌਰਾਨ ਉਕਤ ਐਲਾਨ ਕੀਤਾ | ਇਸ ਬੈਠਕ 'ਚ ਪਾਕਿਸਤਾਨ ਦੇ ਪੈਟਰੋਲੀਅਮ ਮੰਤਰੀ ਅਲੀ ਪਰਵੇਜ਼ ਮਲਿਕ ਅਤੇ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਵੀ ਮੌਜੂਦ ਸਨ | ਵਿੱਤ ਮੰਤਰੀ ਨੇ ਕਿਹਾ ਕਿ ਜੇਕਰ ਪੱਛਮੀ ਏਸ਼ੀਆ 'ਚ ਟਕਰਾਅ ਵਧਦਾ ਹੈ ਤਾਂ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 120 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀ ਹੈ | ਅਜਿਹੀ ਸਥਿਤੀ ਪਾਕਿ ਦੀ ਆਰਥਿਕਤਾ ਨੂੰ ਹੋਰ ਦਬਾਅ ਪਾ ਸਕਦੀ ਹੈ | ਪਾਕਿ ਦੇ ਪੈਟਰੋਲੀਅਮ ਮੰਤਰੀ ਅਲੀ ਪਰਵੇਜ਼ ਮਲਿਕ ਨੇ ਕਿਹਾ ਕਿ ਅਜਿਹੀ ਸਥਿਤੀ 'ਚ ਪਾਕਿਸਤਾਨ ਜਲਦੀ ਹੀ ਪੈਟਰੋਲੀਅਮ ਟੈਕਸਾਂ 'ਤੇ ਆਈ. ਐੱਮ. ਐੱਫ. ਤੋਂ ਰਾਹਤ ਦੀ ਬੇਨਤੀ ਕਰ ਸਕਦਾ ਹੈ | ਉਨ੍ਹਾਂ ਦੇਸ਼ ਨੂੰ ਈਾਧਨ ਬਚਾਉਣ ਦੀ ਵੀ ਅਪੀਲ ਕੀਤੀ ਤਾਂ ਜੋ ਮੌਜੂਦਾ ਤੇਲ ਭੰਡਾਰ ਲੰਬੇ ਸਮੇਂ ਤੱਕ ਚੱਲ ਸਕਣ |
ਪੱਛਮੀ ਏਸ਼ੀਆ 'ਚ ਵਧਦੇ ਟਕਰਾਅ ਦਾ ਪਾਕਿ ਦੀ ਕਮਜ਼ੋਰ ਅਰਥਵਿਵਸਥਾ 'ਤੇ ਪੈ ਰਿਹਾ ਭਾਰੀ ਪ੍ਰਭਾਵ
ਅਜੀਤ ਡੈਸਕ
10-03-2026