ਝੋਨਾ, ਕਮਾਦ, ਆਲੂ ਤੇ ਮੱਕੀ ਵਿਚ ਘਾਟੇ ਨੇ ਬੁਰੀ ਤਰ੍ਹਾਂ ਨਾਲ ਹਿਲਾ ਕੇ ਰੱਖ ਦਿੱਤੀ ਹੈ ਖੇਤੀ ਅਰਥਵਿਵਸਥਾ
ਹਰਪ੍ਰੀਤ ਸਿੰਘ ਗਿੱਲ
ਅਮਲੋਹ, 9 ਮਾਰਚ-ਖੇਤੀਬਾੜੀ ਖੇਤਰ ਅਤੇ ਇਸ ਨਾਲ ਜੁੜੇ ਕਾਰੋਬਾਰੀਆਂ ਲਈ ਚੱਲ ਰਿਹਾ ਵਰ੍ਹਾ ਆਰਥਿਕ ਪੱਖੋਂ ਬੇਹੱਦ ਚੁਣੌਤੀਪੂਰਨ ਅਤੇ ਮਾਰੂ ਸਾਬਤ ਹੋ ਰਿਹਾ ਹੈ | 1 ਜੂਨ 2025 ਤੋਂ ਸ਼ੁਰੂ ਹੋਏ ਇਸ ਖੇਤੀਬਾੜੀ ਸਾਲ ਦੌਰਾਨ ਇਕ ਤੋਂ ਬਾਅਦ ਇਕ ਫ਼ਸਲਾਂ ਦੇ ਨੁਕਸਾਨ ਨੇ ਕਿਸਾਨਾਂ ਅਤੇ ਵਪਾਰੀਆਂ ਦੇ ਲੱਕ ਤੋੜ ਦਿੱਤੇ ਹਨ | ਝੋਨੇ ਦੀ ਫ਼ਸਲ ਵਿਚ 20 ਤੋਂ 30 ਫ਼ੀਸਦੀ ਝਾੜ ਘਟਣ ਨਾਲ ਜਿੱਥੇ ਕਿਸਾਨਾਂ ਨੂੰ ਪ੍ਰਤੀ ਏਕੜ 25 ਹਜ਼ਾਰ ਰੁਪਏ ਤੱਕ ਦੀ ਸੱਟ ਵੱਜੀ, ਉੱਥੇ ਹੀ ਭਾਅ ਵੱਧਣ ਦੀ ਆਸ ਨਾਲ ਬਾਸਮਤੀ ਖ਼ਰੀਦ ਕੇ ਸਟੋਰ ਕਰਨ ਵਾਲੇ ਵਪਾਰੀਆਂ ਨੂੰ ਵੀ ਭਾਅ ਨਾ ਵੱਧਣ ਕਾਰਨ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ | ਦੂਜੇ ਪਾਸੇ ਸਰਕਾਰੀ ਝੋਨੇ ਦੀ ਮਿਲਿੰਗ ਕਰਨ ਵਾਲੇ ਪੰਜਾਬ ਦੇ ਸ਼ੈਲਰ ਮਾਲਕ ਵੀ ਕਸੂਤੀ ਸਥਿਤੀ ਵਿਚ ਫਸ ਗਏ ਹਨ, ਕਿਉਂਕਿ ਉਨ੍ਹਾਂ ਨੂੰ ਗੁਦਾਮਾਂ ਵਿਚ ਚਾਵਲ ਲਗਾਉਣ ਲਈ ਜਗ੍ਹਾ ਨਹੀਂ ਮਿਲੀ, ਜਿਸ ਕਾਰਨ ਉਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ | ਇਹ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ ਤੇ ਅੱਗੋਂ ਕਮਾਦ ਦੀ ਫ਼ਸਲ ਦੇ ਘੱਟ ਝਾੜ ਅਤੇ ਦੁੱਗਣੀ ਹੋਈ ਕਟਾਈ ਦੀ ਮਜ਼ਦੂਰੀ ਨੇ ਉਤਪਾਦਕਾਂ ਨੂੰ 35-40 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਘਾਟੇ ਵਿਚ ਧੱਕ ਦਿੱਤਾ | ਮੌਜੂਦਾ ਸਮੇਂ ਆਲੂਆਂ ਦੀ ਪੁਟਾਈ ਦੌਰਾਨ ਬਾਜ਼ਾਰ ਵਿਚ ਮੰਦੀ ਦਾ ਆਲਮ ਇਹ ਹੈ ਕਿ ਕਿਸਾਨਾਂ ਨੂੰ ਪਿਛਲੇ ਸਾਲਾਂ ਦੀ ਅÏਸਤਨ ਦੇ ਮੁਕਾਬਲੇ 50 ਤੋਂ 60 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ | ਆਉਣ ਵਾਲੇ ਸਮੇਂ ਵਿਚ ਮੱਕੀ ਦੀ ਫ਼ਸਲ 'ਤੇ ਵੀ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ | ਮੱਕੀ ਦੇ ਭਾਅ ਵਿਚ ਚੱਲ ਰਹੇ ਦਿਨਾਂ ਵਿਚ 600 ਤੋਂ 800 ਰੁਪਏ ਪ੍ਰਤੀ ਕੁਇੰਟਲ ਦੀ ਗਿਰਾਵਟ ਕਿਸਾਨਾਂ ਲਈ 30-32 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਨਵੇਂ ਨੁਕਸਾਨ ਦਾ ਸੰਕੇਤ ਦੇ ਰਹੀ ਹੈ | ਵਪਾਰੀ ਵਰਗ, ਜਿਸ ਨੇ ਪਿਛਲੇ ਸਾਲ ਮੱਕੀ ਨੂੰ ਉੱਚੇ ਭਾਅ 'ਤੇ ਖ਼ਰੀਦ ਕੇ ਸਟੋਰ ਕੀਤਾ ਸੀ, ਅੱਜ 1000 ਰੁਪਏ ਪ੍ਰਤੀ ਕੁਇੰਟਲ ਦੇ ਵੱਡੇ ਘਾਟੇ ਨਾਲ ਬਾਜ਼ਾਰ ਵਿਚ ਮੱਕੀ ਵੇਚਣ ਲਈ ਮਜਬੂਰ ਹਨ | ਖੇਤੀ ਮਾਹਿਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਰਚ ਦੇ ਪਹਿਲੇ ਹਫ਼ਤੇ ਹੀ ਤਾਪਮਾਨ ਵਿਚ ਇਕਦਮ ਹੋਏ ਵਾਧੇ ਕਾਰਨ ਕਣਕ ਦੇ ਝਾੜ ਉੱਪਰ ਵੀ ਮਾੜਾ ਅਸਰ ਪੈਣ ਦੇ ਆਸਾਰ ਬਣ ਗਏ ਹਨ | ਅੰਤਰਰਾਸ਼ਟਰੀ ਪੱਧਰ 'ਤੇ ਮਿਡਲ ਈਸਟ ਵਿਚ ਛਿੜੀ ਜੰਗ ਨੇ ਇਸ ਸਥਿਤੀ ਨੂੰ ਹੋਰ ਵੀ ਭਿਆਨਕ ਬਣਾ ਦਿੱਤਾ ਹੈ | ਅਜਿਹੇ ਨਾਜ਼ੁਕ ਹਾਲਾਤ ਵਿਚ ਕਿਸਾਨਾਂ ਅਤੇ ਵਪਾਰੀਆਂ ਨੂੰ ਲਗਾਤਾਰ ਚੱਲ ਰਹੀ ਇਸ ਆਰਥਿਕ ਸੁਨਾਮੀ ਤੋਂ ਬਚਣ ਲਈ ਫ਼ਿਲਹਾਲ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ, ਜਿਸ ਕਾਰਨ ਸਰਕਾਰ ਨੂੰ ਉਨ੍ਹਾਂ ਦੀ ਸਾਰ ਲੈਣੀ ਚਾਹੀਦੀ ਹੈ |
ਖੇਤੀ ਖੇਤਰ 'ਤੇ ਚੱਲ ਰਹੀ ਕਰੋਪੀ ਕਾਰਨ ਕਿਸਾਨਾਂ ਅਤੇ ਵਪਾਰੀਆਂ 'ਤੇ ਆਰਥਿਕ ਸੰਕਟ ਗਹਿਰਾਇਆ
ਅਜੀਤ ਡੈਸਕ
10-03-2026