ਰਾਏਕੋਟ, 11 ਮਾਰਚ (ਸੁਸ਼ੀਲ)-ਮੌਜੂਦਾ ਸਮੇਂ ਨੌਜਵਾਨਾਂ ਵਿਚ 'ਈ-ਵੇਪਿੰਗ' ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ | ਇਹ ਉਪਕਰਣ ਹੁਣ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਲਈ ਇਕ 'ਸਟਾਈਲ ਸਟੇਟਮੈਂਟ' ਬਣ ਗਿਆ ਹੈ | ਦੇਖਣ ਵਿਚ ਆਇਆ ਹੈ ਕਿ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਵਿਚ ਇਸ ਦੀ ਵਰਤੋਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧੀ ਹੈ | ਨੌਜਵਾਨਾਂ ਵਿਚ ਈ-ਵੇਪਿੰਗ ਦੇ ਵਧ ਰਹੇ ਰੁਝਾਨ ਦਾ ਇਕ ਮੁੱਖ ਕਾਰਨ ਇਸ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਫਲੇਵਰ ਅਤੇ ਇਸਦਾ ਡਿਜ਼ੀਟਲ ਡਿਜ਼ਾਈਨ ਹੈ | ਬਾਜ਼ਾਰ ਵਿਚ ਈ-ਵੇਪਿੰਗ ਵਿਚ ਇਸਤੇਮਾਲ ਹੋਣ ਵਾਲੇ ਵੱਖ-ਵੱਖ ਦਿਲਕਸ਼ ਫਲੇਵਰ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਦੇ ਹਨ | ਇਸ ਤੋਂ ਇਲਾਵਾ ਇਸ ਉਪਕਰਨ ਦਾ ਡਿਜ਼ਾਈਨ ਵੀ ਦੇਖਣ ਵਿਚ ਪੈੱਨ ਜਾਂ ਪੈੱਨ ਡਰਾਈਵ ਵਰਗਾ ਲੱਗਦਾ ਹੈ | ਜਿਸ ਕਾਰਨ ਬੱਚੇ ਇਨ੍ਹਾਂ ਨੂੰ ਆਸਾਨੀ ਨਾਲ ਆਪਣੇ ਮਾਪਿਆਂ ਜਾਂ ਅਧਿਆਪਕਾਂ ਤੋਂ ਛੁਪਾ ਲੈਂਦੇ ਹਨ | ਜ਼ਿਆਦਾਤਰ ਵੇਪਿੰਗ ਉਪਕਰਨਾਂ ਵਿਚ ਨਿਕੋਟੀਨ ਦੀ ਮਾਤਰਾ ਵੀ ਹੁੰਦੀ ਹੈ, ਜੋ ਦਿਮਾਗ ਦੇ ਵਿਕਾਸ ਅਤੇ ਨੌਜਵਾਨਾਂ ਦੀ ਸਿਹਤ 'ਤੇ ਬੁਰਾ ਅਸਰ ਪਾਉਂਦੀ ਹੈ | ਇਸ ਤੋਂ ਇਲਾਵਾ ਈ-ਵੇਪਿੰਗ ਫੇਫ਼ੜਿਆਂ ਅਤੇ ਸਾਹ ਦੀਆਂ ਬਿਮਾਰੀਆਂ ਦਾ ਕਾਰਨ ਵੀ ਬਣਦਾ ਹੈ | ਇਸ ਤੋਂ ਇਲਾਵਾ ਇਹ ਵੀ ਸਾਹਮਣੇ ਆਇਆ ਹੈ ਕਿ ਵੇਪਿੰਗ ਕਰਨ ਵਾਲੇ ਨੌਜਵਾਨਾਂ ਵਿਚ ਚਿੰਤਾ ਅਤੇ ਡਿਪਰੈਸ਼ਨ ਦੇ ਲੱਛਣ ਵਧੇਰੇ ਪਾਏ ਜਾਂਦੇ ਹਨ | ਬੇਸ਼ੱਕ ਭਾਰਤ ਸਰਕਾਰ ਨੇ 2019 ਵਿਚ ਹੀ ਇਸਦੇ ਦੇ ਉਤਪਾਦ, ਦਰਾਮਦ, ਬਰਾਮਦ, ਵੇਚਣ ਅਤੇ ਇਸਨੂੰ ਸਟੋਰ ਕਰਨ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਸੀ ਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਲਈ ਜੁਰਮਾਨੇ ਅਤੇ ਸਜ਼ਾ ਦਾ ਵੀ ਪ੍ਰਾਵਧਾਨ ਕੀਤਾ ਗਿਆ ਹੈ, ਪ੍ਰੰਤੂ ਇਸ ਦੇ ਬਾਵਜੂਦ ਇਹ ਉਤਪਾਦ ਆਨਲਾਈਨ ਵੈੱਬਸਾਈਟਾਂ ਅਤੇ ਬਜ਼ਾਰਾਂ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਆਸਾਨੀ ਨਾਲ ਉਪਲੱਬਧ ਹਨ |