ਅੰਮਿ੍ਤਸਰ, 11 ਮਾਰਚ (ਸੁਰਿੰਦਰ ਕੋਛੜ)-ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਸਾਊਦੀ ਅਰਬ ਦਾ ਸਮਰਥਨ ਕਰਨ ਵਿਰੁੱਧ ਚਿਤਾਵਨੀ ਦਿੱਤੀ ਹੈ | ਈਰਾਨੀ ਰਾਸ਼ਟਰਪਤੀ ਨੇ ਇਹ ਚਿਤਾਵਨੀ ਸ਼ਰੀਫ਼ ਦੇ ਬੁਲਾਰੇ ਮੁਸ਼ੱਰਫ਼ ਜ਼ੈਦੀ ਦੇ ਉਸ ਬਿਆਨ ਤੋਂ ਬਾਅਦ ਜਾਰੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਸਾਊਦੀ ਅਰਬ ਨੂੰ ਜਦੋਂ ਵੀ ਲੋੜ ਪਵੇਗੀ ਪਾਕਿ ਉਸ ਦੀ ਮਦਦ ਲਈ ਆਵੇਗਾ | ਪਿਛਲੇ ਸਾਲ, ਪਾਕਿ ਨੇ ਸਾਊਦੀ ਅਰਬ ਨਾਲ ਇਕ ਨਾਟੋ ਵਰਗਾ ਸਮਝੌਤਾ ਕੀਤਾ ਸੀ, ਜਿਸ ਦੇ ਤਹਿਤ ਇਕ ਦੇਸ਼ 'ਤੇ ਹਮਲਾ ਦੋਵਾਂ 'ਤੇ ਹਮਲਾ ਮੰਨਿਆ ਜਾਂਦਾ ਹੈ | ਈਰਾਨ ਦੇ ਸਰਕਾਰੀ ਮੀਡੀਆ ਅਨੁਸਾਰ ਰਾਸ਼ਟਰਪਤੀ ਮਸੂਦ ਨੇ ਸ਼ਾਹਬਾਜ਼ ਸ਼ਰੀਫ਼ ਨਾਲ ਟੈਲੀਫ਼ੋਨ 'ਤੇ ਗੱਲਬਾਤ ਦੌਰਾਨ ਚਿਤਾਵਨੀ ਦਿੱਤੀ ਕਿ ਜੇਕਰ ਕੌਮਾਂਤਰੀ ਭਾਈਚਾਰਾ ਯੁੱਧ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਨਹੀਂ ਠਹਿਰਾਉਂਦਾ ਤਾਂ ਵਿਸ਼ਵ ਵਿਵਸਥਾ ਅਤੇ ਵਿਸ਼ਵ ਸੁਰੱਖਿਆ ਖ਼ਤਰੇ 'ਚ ਪੈ ਸਕਦੀ ਹੈ | ਈਰਾਨੀ ਹਮਲਿਆਂ ਦੇ ਵਿਚਕਾਰ ਦੋ ਦਿਨ ਪਹਿਲਾਂ ਪਾਕਿ ਦੇ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਨੇ ਰਿਆਧ 'ਚ ਸਾਊਦੀ ਅਰਬ ਦੇ ਰੱਖਿਆ ਮੰਤਰੀ ਖ਼ਾਲਿਦ ਬਿਨ ਸਲਮਾਨ ਅਲ ਸਾਊਦ ਨਾਲ ਮੁਲਾਕਾਤ ਕੀਤੀ | ਸਾਊਦੀ ਅਰਬ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਕਿ ਸਾਊਦੀ ਨੇ ਪਾਕਿ ਨਾਲ ਰੱਖਿਆ ਸਮਝੌਤਾ ਸਰਗਰਮ ਕਰ ਦਿੱਤਾ ਹੈ | ਇਸ ਤੋਂ ਬਾਅਦ ਈਰਾਨੀ ਰਾਸ਼ਟਰਪਤੀ ਨੇ ਹੁਣ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਯੁੱਧ ਦੀ ਜ਼ਿੰਮੇਵਾਰੀ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਵਿਸ਼ਵ ਸੁਰੱਖਿਆ ਖ਼ਤਰੇ ਵਿਚ ਪੈ ਸਕਦੀ ਹੈ |