ਲੁਧਿਆਣਾ, 11 ਮਾਰਚ (ਜਸਵਿੰਦਰ ਸਿੰਘ)-ਪੰਜਾਬ ਵਿਚ ਬੀਤੇ ਦਿਨਾਂ ਵਿਚ ਕਿਸਾਨਾਂ ਵਲੋਂ ਕਣਕ ਦੇ ਸਿੱਟਿਆਂ ਅਤੇ ਡੰਡੀਆਂ ਉਪਰ ਜਾਮਣੀ ਰੰਗ ਦੀ ਝਲਕ ਬਾਰੇ ਚਿੰਤਾ ਪ੍ਰਗਟਾਈ ਗਈ ਸੀ | ਇਸ ਬਾਰੇ ਪੀ.ਏ.ਯੂ. ਦੇ ਪÏਦਾ ਰੋਗ ਵਿਗਿਆਨੀਆਂ ਨੂੰ ਬਹੁਤ ਸਾਰੇ ਸਵਾਲ ਵੀ ਆਏ ਸਨ | ਇਸਦਾ ਜਵਾਬ ਦਿੰਦਿਆਂ ਪੀ.ਏ.ਯੂ. ਦੇ ਪÏਦਾ ਰੋਗ ਵਿਗਿਆਨੀਆਂ ਨੇ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਕਣਕ ਦੀ ਫ਼ਸਲ ਅਜੇ ਆਪਣੇ ਗੋਭ ਦੇ ਪੜਾਅ ਦੇ ਨੇੜੇ ਹੈ | ਵਿਗਿਆਨੀਆਂ ਨੇ ਕਿਹਾ ਕਿ ਜਾਮਣੀ ਰੰਗ ਦੇ ਇਹ ਧੱਬੇ ਜਾਂ ਝਲਕਾਂ ਬਾਰੇ ਕੀਤੇ ਵਿਆਪਕ ਸਰਵੇਖਣ ਤੋਂ ਨਤੀਜਾ ਸਾਹਮਣੇ ਆਇਆ ਹੈ ਇਹ ਕੋਈ ਬਿਮਾਰੀ ਨਹੀਂ ਬਲਕਿ ਇਹ ਰੰਗ ਸਿਰਫ਼ ਸਿੱਟਿਆਂ ਦੇ ਆਸ ਪਾਸ ਹੀ ਦੇਖਿਆ ਜਾ ਰਿਹਾ ਹੈ | ਸਿੱਟਿਆਂ ਦੇ ਅੰਦਰ ਬਣ ਰਹੇ ਦਾਣਿਆਂ ਦੀ ਸਥਿਤੀ ਠੀਕ ਅਤੇ ਬਿਨਾਂ ਕਿਸੇ ਰੰਗ ਤੋਂ ਹੈ | 2022 ਵਿਚ ਵਧੇਰੇ ਤਾਪਮਾਨ ਸਮੇਂ ਵੀ ਇਸੇ ਤਰ੍ਹਾਂ ਦੀ ਹਾਲਤ ਦੇਖਣ ਨੂੰ ਮਿਲੀ ਸੀ | ਮਾਹਿਰਾਂ ਅਨੁਸਾਰ ਕਣਕ ਦੀਆਂ ਕੁੱਝ ਕਿਸਮਾਂ ਵਿਚ ਮੈਲੇਨਿਨ ਦਾ ਸੁਭਾਵਿਕ ਰੂਪ ਵਿਚ ਦਿਸਣਾ ਹੈ | ਫਰਵਰੀ ਅਤੇ ਮਾਰਚ ਦੌਰਾਨ ਦਿਨ ਅਤੇ ਰਾਤ ਦੇ ਤਾਪਮਾਨ ਦੇ ਆਮ ਨਾਲੋਂ ਉਪਰ ਰਹਿਣ ਕਾਰਨ ਇਹ ਅਲਾਮਤਾਂ ਦੇਖਣ ਨੂੰ ਮਿਲਦੀਆਂ ਹਨ | ਮਾਹਿਰਾਂ ਨੇ ਇਹ ਵੀ ਕਿਹਾ ਕਿ ਵੱਖ-ਵੱਖ ਕਿਸਮਾਂ ਵਿਚ ਮੈਲੇਨਿਨ ਦਾ ਪੱਧਰ ਵੱਖ-ਵੱਖ ਹੁੰਦਾ ਹੈ | ਇਸ ਲਈ ਇਹ ਕੋਈ ਬਿਮਾਰੀ ਨਹੀਂ ਨਾ ਹੀ ਇਸਦੀ ਰੋਕਥਾਮ ਲਈ ਕਿਸੇ ਵਿਸ਼ੇਸ਼ ਛਿੜਕਾਅ ਦੀ ਲੋੜ ਹੈ | ਵਧੇਰੇ ਤਾਪ ਦਾ ਮੁਕਾਬਲਾ ਕਰਨ ਲਈ ਫ਼ਸਲ ਦੀ ਲੋੜ ਮੁਤਾਬਿਕ ਸਿੰਚਾਈ ਅਤੇ ਪੀ.ਏ.ਯੂ. ਵਲੋਂ ਸਿਫ਼ਾਰਸ਼ ਕੀਤੇ ਪੋਟਾਸ਼ੀਅਮ ਨਾਈਟ੍ਰੇਟ ਦਾ ਛਿੜਕਾਅ ਕੀਤਾ ਜਾ ਸਕਦਾ ਹੈ |