25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਪੰਜਾਬ 'ਚ ਸਰੋਂ ਦੀ ਖੇਤੀ ਹਾਸ਼ੀਏ 'ਤੇ

Ad Position 21
No active advertisement
ਅਜੀਤ ਡੈਸਕ 13-03-2026

ਲੱਖਾਂ ਹੈਕਟੇਅਰ 'ਚ ਹੁੰਦੀ ਕਾਸ਼ਤ ਹੁਣ ਕਰੀਬ 40 ਹਜ਼ਾਰ ਹੈਕਟੇਅਰ 'ਤੇ ਸਿਮਟੀ
ਪਟਿਆਲਾ, 12 ਮਾਰਚ (ਗੁਰਵਿੰਦਰ ਸਿੰਘ ਔਲਖ)-ਪੰਜਾਬ ਵਿਚ ਇਕ ਸਮੇਂ ਤੇਲ ਵਾਲੀਆਂ ਫਸਲਾਂ, ਖ਼ਾਸ ਕਰਕੇ ਸਰੋਂ ਦੀ ਖੇਤੀ ਵੱਡੇ ਪੱਧਰ 'ਤੇ ਹੁੰਦੀ ਸੀ ਪਰ ਪਿਛਲੇ ਕੁਝ ਦਹਾਕਿਆਂ ਦੌਰਾਨ ਇਸ ਦਾ ਰਕਬਾ ਕਾਫ਼ੀ ਘਟ ਗਿਆ ਹੈ | ਖੇਤੀਬਾੜੀ ਸੰਬੰਧੀ ਉਪਲੱਬਧ ਅਧਿਕਾਰਤ ਅੰਕੜਿਆਂ ਮੁਤਾਬਕ ਪੰਜਾਬ ਵਿਚ ਕਦੇ ਲਗਭਗ 5 ਲੱਖ ਹੈਕਟੇਅਰ ਜ਼ਮੀਨ 'ਤੇ ਇਨ੍ਹਾਂ ਫਸਲਾਂ ਦੀ ਕਾਸ਼ਤ ਹੁੰਦੀ ਸੀ, ਜਦਕਿ ਮੌਜੂਦਾ ਸਮੇਂ ਇਹ ਰਕਬਾ ਘਟ ਕੇ ਕਰੀਬ 50 ਹਜ਼ਾਰ ਹੈਕਟੇਅਰ ਰਹਿ ਗਿਆ ਹੈ | ਇਨ੍ਹਾਂ ਵਿਚੋਂ ਤਕਰੀਬਨ 40 ਤੋਂ 41 ਹਜ਼ਾਰ ਹੈਕਟੇਅਰ 'ਤੇ ਹੀ ਸਰੋਂ ਦੀ ਬਿਜਾਈ ਕੀਤੀ ਜਾ ਰਹੀ ਹੈ | ਕੇਂਦਰ ਸਰਕਾਰ ਦੇ ਡਾਇਰੈਕਟੋਰੇਟ ਆਫ਼ ਇਕਨਾਮਿਕਸ ਐਂਡ ਸਟੈਟਟਿਕਸ ਦੇ ਅੰਕੜਿਆਂ ਅਨੁਸਾਰ ਪੰਜਾਬ ਵਿਚ ਸਰੋਂ ਦੀ ਸਭ ਤੋਂ ਵੱਧ ਕਾਸ਼ਤ 1970 ਦੇ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿਚ ਦਰਜ ਕੀਤੀ ਗਈ ਸੀ, ਜਦੋਂ ਰਾਜ ਵਿਚ ਤੇਲ ਫਸਲਾਂ ਦਾ ਕੁੱਲ ਰਕਬਾ ਲਗਭਗ 5 ਲੱਖ ਹੈਕਟੇਅਰ ਦੇ ਕਰੀਬ ਸੀ | ਹਰੀ ਕ੍ਰਾਂਤੀ ਦੌਰਾਨ ਝੋਨਾ-ਕਣਕ ਦੇ ਫਸਲੀ ਚੱਕਰ ਦੇ ਵਧਦੇ ਪ੍ਰਭਾਵ ਕਾਰਨ ਸਰੋਂ ਸਮੇਤ ਹੋਰ ਤੇਲ ਵਾਲੀਆਂ ਫਸਲਾਂ ਦਾ ਰਕਬਾ ਲਗਾਤਾਰ ਘਟਦਾ ਗਿਆ | ਮਾਹਿਰਾਂ ਅਨੁਸਾਰ ਸਰੋਂ ਦੀ ਕਾਸ਼ਤ ਘਟਣ ਦੇ ਮੁੱਖ ਕਾਰਨਾਂ ਵਿਚ ਝੋਨਾ-ਕਣਕ ਦਾ ਪੱਕਾ ਫਸਲੀ ਚੱਕਰ, ਸਰੋਂ ਲਈ ਸੀਮਿਤ ਮੰਡੀ ਸਹੂਲਤਾਂ, ਹੋਰ ਫਸਲਾਂ ਨਾਲੋਂ ਘੱਟ ਆਮਦਨ ਅਤੇ ਕਿਸਾਨਾਂ ਨੂੰ ਉਚਿਤ ਭਾਅ ਨਾ ਮਿਲਣਾ ਸ਼ਾਮਿਲ ਹਨ | ਇਸ ਤੋਂ ਇਲਾਵਾ ਸਰੋਂ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਵੀ ਸੀਮਤ ਹਨ, ਜਿਸ ਕਾਰਨ ਕਿਸਾਨਾਂ ਦਾ ਰੁਝਾਨ ਇਸ ਫਸਲ ਵੱਲ ਘਟਿਆ ਹੈ | ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਕਿਸਾਨਾਂ ਨੇ ਸਰੋਂ ਦੀ ਥਾਂ ਮੁੱਖ ਤੌਰ 'ਤੇ ਝੋਨਾ ਅਤੇ ਕਣਕ ਦੀਆਂ ਫਸਲਾਂ ਵੱਲ ਪਾਸਾ ਵੱਟ ਲਿਆ, ਕਿਉਂਕਿ ਇਨ੍ਹਾਂ ਫਸਲਾਂ ਲਈ ਸਰਕਾਰੀ ਖਰੀਦ ਦੀ ਪੱਕੀ ਪ੍ਰਣਾਲੀ, ਘੱਟ ਖਤਰਾ ਅਤੇ ਨਿਸ਼ਚਿਤ ਆਮਦਨ ਉਪਲੱਬਧ ਹੈ | ਦੇਸ਼ ਪੱਧਰ 'ਤੇ ਹਾਲਾਂਕਿ ਸਰੋਂ ਦੀ ਖੇਤੀ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ | ਕੇਂਦਰੀ ਖੇਤੀ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਰਾਜਸਥਾਨ ਦੇਸ਼ ਵਿਚ ਸਰੋਂ ਦਾ ਸਭ ਤੋਂ ਵੱਡਾ ਉਤਪਾਦਕ ਸੂਬਾ ਹੈ, ਜਿੱਥੇ ਦੇਸ਼ ਦੀ ਕੁੱਲ ਸਰੋਂ ਪੈਦਾਵਾਰ ਦਾ ਲਗਭਗ 40 ਤੋਂ 45 ਫੀਸਦੀ ਹਿੱਸਾ ਉਤਪਾਦਿਤ ਹੁੰਦਾ ਹੈ | ਇਸ ਤੋਂ ਇਲਾਵਾ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਹਰਿਆਣਾ ਵੀ ਸਰੋਂ ਦੇ ਮਹੱਤਵਪੂਰਨ ਉਤਪਾਦਕ ਸੂਬਿਆਂ ਵਿਚ ਸ਼ਾਮਿਲ ਹਨ | ਕੇਂਦਰੀ ਖੇਤੀ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਰਬੀ ਮੌਸਮ 2025-26 ਦੌਰਾਨ ਦੇਸ਼ ਵਿਚ ਰੇਪਸੀਡ-ਸਰੋਂ ਦੀ ਬਿਜਾਈ ਲਗਭਗ 89.36 ਲੱਖ ਹੈਕਟੇਅਰ ਤੋਂ ਵੱਧ ਦਰਜ ਕੀਤੀ ਗਈ ਹੈ | ਇਸ ਦੇ ਮੁਕਾਬਲੇ ਪੰਜਾਬ ਦਾ ਹਿੱਸਾ ਕਾਫ਼ੀ ਘੱਟ ਹੈ ਅਤੇ ਰਾਜ ਦੀ ਸਰੋਂ ਉਤਪਾਦਨ ਵਿਚ ਭਾਗੀਦਾਰੀ ਦੇਸ਼ ਦੀ ਕੁੱਲ ਪੈਦਾਵਾਰ ਦਾ ਇਕ ਫੀਸਦੀ ਤੋਂ ਵੀ ਘੱਟ ਮੰਨੀ ਜਾਂਦੀ ਹੈ |

Ad Position 22
No active advertisement
ਪਿਛਲੀ ਖ਼ਬਰ ਅਦਾਲਤ ਵਲੋਂ ਵਿਧਾਇਕ ਡਿੰਪੀ ਢਿੱਲੋਂ ਦੀਆਂ ਬੱਸਾਂ ਕੁਰਕ ਕਰਨ ਦਾ ਹੁਕਮ ਅਗਲੀ ਖ਼ਬਰ ਮੋਗਾ ਜ਼ਿਲ੍ਹੇ ਦੇ ਪਿੰਡ ਕਿੱਲੀ ਚਾਹਲਾਂ ਰੈਲੀ ਕਰਨ ਵਾਲੀ ਪੰਜਵੀਂ ਪਾਰਟੀ ਬਣੀ ਭਾਜਪਾ <br/>
Ad Position 24