ਚੰਡੀਗੜ੍ਹ, 2 ਅਪ੍ਰੈਲ (ਕਪਿਲ ਵਧਵਾ)-ਚੰਡੀਗੜ੍ਹ ਦੇ ਸੈਕਟਰ-1 ਸਥਿਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਇਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਸੁਰੱਖਿਆ ਏਜੰਸੀਆਂ ਵਿਚ ਹਰਕਤ ਵਿਚ ਆ ਗਈਆਂ | ਇਸ ਤੋਂ ਪਹਿਲਾ ਤਿੰਨ ਵਾਰ ਹਾਈਕੋਰਟ ਦੇ ਈ-ਮੇਲ ਪਤੇ 'ਤੇ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਚੁੱਕੀ ਹੈ | ਹੁਣ ਇਸ ਵਾਰ ਇਹ ਧਮਕੀ ਚੰਡੀਗੜ੍ਹ ਪੁਲਿਸ ਦੇ ਹੈੱਡਕੁਆਰਟਰ ਦੀ ਈ-ਮੇਲ 'ਤੇ ਮਿਲੀ | ਜਾਣਕਾਰੀ ਅਨੁਸਾਰ ਲੰਚ ਬ੍ਰੇਕ ਹੋਣ ਤੋਂ ਕੁੱਝ ਦੇਰ ਪਹਿਲਾਂ ਈ-ਮੇਲ ਪ੍ਰਾਪਤ ਹੋਈ | ਜਿਸ ਤੋਂ ਬਾਅਦ ਹਾਈਕੋਰਟ ਪਰਿਸਰ ਵਿਚ ਚੌਕਸੀ ਵਧਾ ਦਿੱਤੀ ਗਈ ਹੈ ਤੇ ਹਰ ਦਾਖ਼ਲੇ ਪੁਆਇੰਟ 'ਤੇ ਸਖਤ ਜਾਂਚ ਸ਼ੁਰੂ ਕਰ ਦਿੱਤੀ ਗਈ | ਹਾਈਕੋਰਟ ਕੰਪਲੈਕਸ ਵਿਖੇ ਮੌਜੂਦ ਵਕੀਲਾਂ, ਕਰਮਚਾਰੀਆਂ ਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ | ਇਸ ਦੇ ਨਾਲ ਹੀ ਬੰਬ ਸਕੁਐਡ ਅਤੇ ਡਾਗ ਸਕੁਐਡ ਵਲੋਂ ਪੂਰੇ ਇਲਾਕੇ ਦੀ ਤਲਾਸ਼ੀ ਲਈ ਗਈ ਪਰ ਲੰਬੀ ਜਾਂਚ ਉਪਰੰਤ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ | ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫਤਰ 'ਤੇ ਹੋਏ ਗ੍ਰਨੇਡ ਹਮਲੇ ਤੋਂ ਬਾਅਦ ਇਹ ਗੰਭੀਰ ਧਮਕੀ ਸਾਹਮਣੇ ਆਈ ਹੈ | ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਸ਼ਹਿਰ ਦੀ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜੇ ਹੋ ਰਹੇ ਹਨ | ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਈ-ਮੇਲ ਭੇਜਣ ਵਾਲੇ ਦੀ ਪਛਾਣ ਕਰਨ ਲਈ ਸਾਈਬਰ ਟੀਮ ਨੂੰ ਵੀ ਲਗਾਇਆ ਗਿਆ ਹੈ |
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਚੌਥੀ ਵਾਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ
ਅਜੀਤ ਡੈਸਕ
03-04-2026