27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਈ.ਸੀ. ਐਚ.ਐੱਸ. ਘੁਟਾਲਾ-ਸੀ.ਬੀ.ਆਈ. ਦੀ ਵੱਡੀ ਕਾਰਵਾਈ, ਦੋ ਡਾਕਟਰਾਂ ਸਮੇਤ 4 ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 05-04-2026

ਚੰਡੀਗੜ੍ਹ, 4 ਅਪ੍ਰੈਲ (ਕਪਿਲ ਵਧਵਾ)-ਰਿਟਾਇਰਡ ਸੈਨਿਕਾਂ ਦੇ ਇਲਾਜ ਲਈ ਬਣਾਈ ਗਈ ਐਕਸ-ਸਰਵਿਸਮੈਨ ਕੰਟਰੀਬਿਊਟਰੀ ਹੈਲਥ ਸਕੀਮ (ਈ. ਸੀ. ਐਚ. ਐਸ.) ਵਿਚ ਵੱਡੇ ਪੱਧਰ 'ਤੇ ਫਰਜ਼ੀਵਾੜੇ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵਲੋਂ ਚੰਡੀਗੜ੍ਹ ਵਿਚ ਕਾਰਵਾਈ ਕਰਦਿਆਂ ਦੋ ਡਾਕਟਰਾਂ ਅਤੇ ਦੋ ਹਸਪਤਾਲਾਂ ਦੇ ਬਿਲਿੰਗ ਕਲਰਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸੀ.ਬੀ.ਆਈ. ਵਲੋਂ ਦਰਜ ਕੀਤੀ ਐਫ.ਆਈ.ਆਰ. ਵਿਚ ਸੈਕਟਰ-38 ਸਥਿਤ ਮੰਥਨ ਹੈਲਥਕੇਅਰ ਦੇ ਡਾ. ਵਿਕਾਸ ਸ਼ਰਮਾ, ਡਾ. ਰਿੰਪਲ ਗੁਪਤਾ ਅਤੇ ਬਿਲਿੰਗ ਕਲਰਕ ਪਰਵੀਨ ਕੁਮਾਰ ਤੇ ਮੰਜੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਮੁਲਜ਼ਮਾਂ 'ਤੇ ਫ਼ਰਜ਼ੀ ਦਸਤਾਵੇਜ਼ ਤਿਆਰ ਕਰਨ ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਹੇਠ ਧਾਰਾਵਾਂ ਲਗਾਈਆਂ ਗਈਆਂ ਹਨ। ਉਕਤ ਘੁਟਾਲੇ ਦਾ ਖੁਲਾਸਾ 23 ਫਰਵਰੀ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਹੋਇਆ ਸੀ। ਜਾਂਚ ਵਿਚ ਸਾਹਮਣੇ ਆਇਆ ਕੀ ਮੰਥਨ ਹਸਪਤਾਲ ਜੋ ਕਿ ਗੈਰ-ਪੈਨਲਬੱਧ ਹਸਪਤਾਲ ਹੈ, ਉਕਤ ਮੁਲਜ਼ਮ ਪੈਨਲਬੱਧ ਧਰਮ ਹਸਪਤਾਲ ਜ਼ਰੀਏ ਜਾਅਲੀ ਬਿੱਲ ਤਿਆਰ ਕਰਕੇ ਈ.ਸੀ.ਐਚ.ਐਸ. ਸਕੀਮ ਰਾਹੀਂ ਭੁਗਤਾਨ ਹਾਸਿਲ ਕਰਦੇ ਸਨ।
ਫ਼ਰਜ਼ੀ ਰੇਫਰਲਾਂ ਰਾਹੀਂ ਹੁੰਦਾ ਸੀ ਘੁਟਾਲਾ
ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਈ.ਸੀ.ਐਚ.ਐਸ. ਨਾਲ ਜੁੜੇ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਵਿਚ ਰੇਫਰ ਦਿਖਾ ਕੇ ਰਿਕਾਰਡ ਵਿਚ ਕਈ ਦਿਨਾਂ ਲਈ ਦਾਖ਼ਲ ਦਰਸਾਇਆ ਜਾਂਦਾ ਸੀ, ਜਦਕਿ ਹਕੀਕਤ ਵਿਚ ਮਰੀਜ਼ ਦਾਖ਼ਲ ਹੀ ਨਹੀਂ ਹੁੰਦੇ ਸਨ। ਇਸ ਤੋਂ ਬਾਅਦ ਇਲਾਜ, ਟੈਸਟ ਤੇ ਦਵਾਈਆਂ ਦੇ ਨਾਂਅ 'ਤੇ ਲੱਖਾਂ ਰੁਪਏ ਦੇ ਫ਼ਰਜ਼ੀ ਬਿੱਲ ਤਿਆਰ ਕਰਕੇ ਈ.ਸੀ.ਐਚ.ਐੱਸ. ਤੋਂ ਭੁਗਤਾਨ ਲਿਆ ਜਾਂਦਾ ਸੀ। ਜਾਂਚ ਦੌਰਾਨ ਇਹ ਵੀ ਖ਼ੁਲਾਸਾ ਹੋਇਆ ਕਿ ਇਸ ਘੁਟਾਲੇ ਲਈ ਨਿੱਜੀ ਹਸਪਤਾਲਾਂ ਵਲੋਂ ਈ.ਸੀ.ਐਚ.ਐੱਸ. ਦੀਆਂ ਫ਼ਰਜ਼ੀ ਮੋਹਰਾਂ ਤੱਕ ਤਿਆਰ ਕਰਵਾਈਆਂ ਗਈਆਂ ਸਨ, ਜਿਨ੍ਹਾਂ ਦੇ ਆਧਾਰ 'ਤੇ ਰੇਫਰਲ ਸਲਿਪਾਂ ਬਣਾਈਆਂ ਜਾਂਦੀਆਂ ਸਨ।
48 ਘੰਟੇ ਚੱਲੀ ਛਾਪੇਮਾਰੀ, ਰਿਕਾਰਡ ਜ਼ਬਤ
ਸੀ.ਬੀ.ਆਈ. ਦੀਆਂ ਟੀਮਾਂ ਨੇ ਏ.ਸੀ.ਬੀ. ਇੰਸਪੈਕਟਰ ਪਵਨ ਕੁਮਾਰ ਦੀ ਅਗਵਾਈ ਹੇਠ ਲਗਾਤਾਰ 48 ਘੰਟਿਆਂ ਤੱਕ ਛਾਪੇਮਾਰੀ ਕੀਤੀ। ਇਸ ਦੌਰਾਨ ਚੰਡੀਗੜ੍ਹ ਤੇ ਮੁਹਾਲੀ ਦੇ 7 ਤੋਂ 8 ਨਿੱਜੀ ਹਸਪਤਾਲਾਂ ਤੋਂ ਈ.ਸੀ.ਐਚ.ਐਸ. ਨਾਲ ਸਬੰਧਿਤ ਰਿਕਾਰਡ, ਮਰੀਜ਼ਾਂ ਦੀਆਂ ਫਾਈਲਾਂ ਅਤੇ ਇਲੈਕਟ੍ਰਾਨਿਕ ਡਿਵਾਈਸ ਜ਼ਬਤ ਕੀਤੇ ਗਏ। ਜਿਨ੍ਹਾਂ ਹਸਪਤਾਲਾਂ ਵਿਚ ਰੇਡ ਕੀਤੀ ਗਈ, ਉਨ੍ਹਾਂ ਵਿਚ ਸੈਕਟਰ-15 ਦਾ ਧਰਮ ਹਸਪਤਾਲ, ਸੈਕਟਰ-38 ਦਾ ਮੰਥਨ ਹੈਲਥਕੇਅਰ, ਸ਼ੈਲਬੀ, ਕੇਅਰ ਪਾਰਟਨਰ, ਅਮਰ ਹਸਪਤਾਲ, ਈਡਨ ਅਤੇ ਮੋਹਾਲੀ ਦਾ ਵਨ ਐਚ ਪਲੱਸ ਮੈਡਪਾਰਕ ਸਮੇਤ ਹੋਰ ਹਸਪਤਾਲ ਸ਼ਾਮਲ ਹਨ।
ਰਿਕਾਰਡ ਦੀ ਜਾਂਚ ਤੋਂ ਬਾਅਦ ਹੋਵੇਗੀ ਅਗਲੀ ਕਾਰਵਾਈ
ਸੀ.ਬੀ.ਆਈ. ਵਲੋਂ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਤੇ ਇਲੈਕਟ੍ਰਾਨਿਕ ਸਮਗਰੀ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਰਿਕਾਰਡ ਈ.ਸੀ.ਐਚ.ਐਸ. ਦੇ ਡਾਟਾ ਨਾਲ ਮਿਲਾਏ ਜਾਣਗੇ। ਕਿਸੇ ਵੀ ਤਰ੍ਹਾਂ ਦੀ ਗੜਬੜ ਸਾਹਮਣੇ ਆਉਣ 'ਤੇ ਸਬੰਧਿਤ ਹਸਪਤਾਲ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਦੇ ਕਾਂਸਟੀਚੂਐਂਟ ਕਾਲਜਾਂ ਵਿਖੇ ਦਾਖ਼ਲੇ ਸੰਬੰਧੀ ਮੀਟਿੰਗ ਅਗਲੀ ਖ਼ਬਰ ਪਿੰਡ ਖਲੋਰ ਵਿਖੇ ਸਮਾਜ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਬੈਠਕ ਕੀਤੀ
Ad Position 24