ਬਨੂੜ, 4 ਅਪ੍ਰੈਲ (ਭੁਪਿੰਦਰ ਸਿੰਘ)-ਪਿੰਡ ਖਲੋਰ ਵਿਚ ਸਮਾਜ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਇਕ ਮਹੱਤਵਪੂਰਨ ਅਹਿਮ ਬੈਠਕ ਕੀਤੀ ਗਈ, ਜਿਸ ਵਿਚ ਖੇਤਰ ਦੇ ਪ੍ਰਮੁੱਖ ਪ੍ਰਤੀਨਿਧੀਆਂ ਨੇ ਭਾਗ ਲਿਆ ਅਤੇ ਵੱਖ-ਵੱਖ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ | ਇਸ ਬੈਠਕ ਵਿਚ ਵਿਧਾਇਕਾ ਨੀਨਾ ਮਿੱਤਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ 'ਆਪ' ਆਗੂ ਜਸਵਿੰਦਰ ਸਿੰਘ ਲਾਲਾ ਖਲੋਰ, ਡਾ. ਕਮਲਜੀਤ ਕੌਰ, ਸਰਪੰਚ ਕੁਲਦੀਪ ਕੌਰ ਸਮੇਤ ਪੰਚ ਮੈਂਬਰ ਜੈਪਾਲ ਸਿੰਘ, ਸੰਤੋਖ ਸਿੰਘ, ਜਸਵਿੰਦਰ ਕੌਰ, ਗੁਰਧਿਆਨ ਸਿੰਘ, ਸ਼ਮਸ਼ੇਰ ਸਿੰਘ, ਭੁਪਿੰਦਰ ਕੌਰ, ਰਾਜਿੰਦਰ ਸਿੰਘ, ਜਸਵੀਰ ਸਿੰਘ, ਕਪੂਰ ਸਿੰਘ, ਅਜੈਬ ਸਿੰਘ ਨੇ ਸ਼ਿਰਕਤ ਕੀਤੀ | ਬੈਠਕ ਦੌਰਾਨ ਸਿਹਤ ਸੰਬੰਧੀ ਜਾਗਰੂਕਤਾ ਵਧਾਉਣ, ਸਾਫ਼-ਸੁਥਰਾ ਵਾਤਾਵਰਣ ਬਣਾਉਣ ਅਤੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ 'ਤੇ ਜ਼ੋਰ ਦਿੱਤਾ ਗਿਆ | ਸਰਕਾਰ ਵਲੋਂ ਚੱਲ ਰਹੀਆਂ ਸਿਹਤ ਯੋਜਨਾਵਾਂ ਦਾ ਲਾਭ ਹਰ ਘਰ ਤੱਕ ਪਹੁੰਚਾਇਆ ਜਾਵੇਗਾ | ਸੀਨੀਅਰ 'ਆਪ' ਆਗੂ ਜਸਵਿੰਦਰ ਸਿੰਘ ਲਾਲਾ ਖਲੋਰ ਨੇ ਕਿਹਾ ਕਿ ਪਿੰਡਾਂ ਵਿਚ ਨਿਯਮਿਤ ਸਿਹਤ ਕੈਂਪ ਲਗਾਏ ਜਾਣਗੇ ਅਤੇ ਲੋਕਾਂ ਨੂੰ ਸਮੇਂ-ਸਿਰ ਜਾਂਚ ਲਈ ਪ੍ਰੇਰਿਤ ਕੀਤਾ ਜਾਵੇਗਾ | ਸਰਪੰਚ ਕੁਲਦੀਪ ਕੌਰ ਨੇ ਸਫ਼ਾਈ ਅਤੇ ਪੀਣ ਵਾਲੇ ਪਾਣੀ ਦੀ ਸੁਵਿਧਾ ਸੁਧਾਰਨ 'ਤੇ ਜ਼ੋਰ ਦਿੱਤਾ | ਪੰਚ ਮੈਂਬਰਾਂ ਨੇ ਵੀ ਆਪਣੇ ਸੁਝਾਅ ਦਿੱਤੇ ਅਤੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਅਤੇ ਵਰਜ਼ਿਸ਼ ਵੱਲ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਨਸ਼ਿਆਂ ਤੋਂ ਦੂਰ ਰਹਿਣ | ਬੈਠਕ ਦੇ ਅੰਤ 'ਤੇ ਸਭ ਨੇ ਇਕਜੁੱਟ ਹੋ ਕੇ ਵਚਨ ਦਿੱਤਾ ਕਿ ਸਮਾਜ ਵਿਚ ਸਿਹਤ ਅਤੇ ਵੈਲਨੈਸ ਨੂੰ ਪ੍ਰਮੁੱਖ ਤਰਜੀਹ ਦਿੱਤੀ ਜਾਵੇਗੀ ਅਤੇ ਇਸ ਲਈ ਲਗਾਤਾਰ ਯਤਨ ਕੀਤੇ ਜਾਣਗੇ |