ਬੰਦ ਦੌਰਾਨ ਐਮਰਜੈਂਸੀ ਸੇਵਾਵਾਂ ਰਹਿਣਗੀਆਂ ਚਾਲੂ, ਡਾਕਟਰ ਵੀ ਆਏ ਧਰਨਾਕਾਰੀਆਂ ਦੀ ਹਮਾਇਤ ’ਚ
ਪਟਿਆਲਾ, 26 ਅਗਸਤ (ਮਨਦੀਪ ਸਿੰਘ ਖਰੌੜ)- ਪੰਜਾਬ ਭਰ ਦੇ ਸਰਕਾਰੀ ਅਤੇ ਪੈਨਸ਼ਨਰਜ ਮੁਲਾਜਮ ਲੰਮੇ ਸਮੇਂ ਤੋਂ 18 ਫੀਸਦੀ ਮਹਿੰਗਾਈ ਭੱਤਾ, ਓ. ਪੀ.
ਪਟਿਆਲਾ, 26 ਅਗਸਤ (ਮਨਦੀਪ ਸਿੰਘ ਖਰੌੜ)- ਪੰਜਾਬ ਭਰ ਦੇ ਸਰਕਾਰੀ ਅਤੇ ਪੈਨਸ਼ਨਰਜ ਮੁਲਾਜਮ ਲੰਮੇ ਸਮੇਂ ਤੋਂ 18 ਫੀਸਦੀ ਮਹਿੰਗਾਈ ਭੱਤਾ, ਓ. ਪੀ. ਐਸ. ਦੀ ਬਹਾਲੀ, ਡੀ. ਏ. ਦੀਆਂ ਬਕਾਇਆ ਕਿਸ਼ਤਾਂ/ਏਰੀਅਰ, 7ਵੇਂ ਪੇ ਕਮਿਸ਼ਨ ਲਾਗੂ ਕਰਨ ਦੀ ਮੰਗ ਨੂੰ ਲੈਕੇ 27 ਅਗਸਤ ਨੂੰ ਪੰਜਾਬ ਭਰ ’ਚ ਬੰਦ ਦੇ ਸੱਦੇ ਦਾ ਐਲਾਨ ਸਰਕਾਰੀ ਮੁਲਾਜਮ ਅਤੇ ਸਿਹਤ ਵਿਭਾਗੀ ਦੀਆਂ ਜਥੇਬੰਦੀਆਂ ਵਲੋਂ ਕੀਤਾ ਗਿਆ ਹੈ। ਇਸ ਬੰਦ ਦੀ ਹਮਾਇਤ ਕਰਦੇ ਹੋਏ ਸਰਕਾਰੀ ਡਾਕਟਰ/ਮੈਡੀਕਲ ਅਫ਼ਸਰਾਂ ਦੀ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸ਼ੀਏਸ਼ਨ ਵਲੋਂ ਪਹਿਲਾਂ ਤੋਂ ਰੋਸ ਮੁਜਾਹਿਰੇ ਕਰ ਰਹੀ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਅਤੇ ਹੋਰ ਸਰਕਾਰੀ ਕਰਮਚਾਰੀ ਜਥੇਬੰਦੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਕੀਤੇ ਜਾ ਰਹੇ ਸੰਘਰਸ਼ ਪ੍ਰਤੀ ਪੂਰਨ ਸਮਰਥਨ ਅਤੇ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਸਿਵਲ ਸਰਜਨ ਪਟਿਆਲਾ ਨੂੰ ਮੰਗ ਪੱਤਰ ਦਿੰਦੇ ਹੋਏ 27 ਅਗਸਤ ਨੂੰ ਓ.ਪੀ.ਡੀ. ਸੇਵਾਵਾਂ ਬੰਦ ਰੱਖਣ ਦੇ ਐਲਾਨ ਕੀਤਾ। ਐਸੋਸ਼ੀਏਸ਼ਨ ਦੇ ਸੂਬਾ ਪ੍ਰਧਾਨ ਡਾ. ਅਖਿਲ ਸਰੀਨ ਨੇ ਕਿਹਾ ਕਿ ਪੀ.ਸੀ.ਐਮ.ਐਸ. ਕੈਡਰ ਵਲੋਂ ਜ਼ਿਲ੍ਹਾ ਪੱਧਰ ’ਤੇ ਕਰਵਾਏ ਗਏ ਫੀਡਬੈਕ ਅਤੇ ਰਾਜ ਪੱਧਰੀ ਜਨਰਲ ਬਾਡੀ ਮੀਟਿੰਗ ਵਿਚ ਬਹੁਮਤ ਨਾਲ ਫੈਸਲਾ ਕੀਤਾ ਗਿਆ ਹੈ ਕਿ 27 ਅਗਸਤ ਨੂੰ ਸਾਰੇ ਸਿਵਲ ਹਸਪਤਾਲ ਅਤੇ ਸਰਕਾਰੀ ਸਿਹਤ ਕੇਂਦਰਾਂ ਵਿਚ ਓ.ਪੀ.ਡੀ. ਸੇਵਾਵਾਂ ਇਕ ਦਿਨ ਲਈ ਪੂਰੀ ਤਰ੍ਹਾਂ ਬੰਦ ਰੱਖੀਆਂ ਜਾਣਗੀਆਂ ਅਤੇ ਪਹਿਲਾ ਤੋਂ ਮਿੱਥੇ ਆਪ੍ਰੇਸ਼ਨ ਸਰਜਰੀ ਵੀ ਮੁਅੱਤਲ ਰਹਿਣਗੀਆਂ। ਹਾਲਾਂਕਿ, ਐਮਰਜੈਂਸੀ ਸੇਵਾਵਾਂ, ਐਮ.ਸੀ.ਐਚ. ਸੇਵਾਵਾਂ, ਐਮਰਜੈਂਸੀ ਸਰਜਰੀਆਂ, ਅੰਦਰੂਨੀ ਮਰੀਜ਼ਾਂ ਦੇ ਦਾਖਲੇ, ਮੈਡੀਕੋ-ਲੀਗਲ ਅਤੇ ਪੋਸਟਮਾਰਟਮ ਕਾਰਜ ਅਤੇ ਨਿਆਂਇਕ ਮੈਡੀਕਲ ਜਾਂਚਾਂ ਵਰਗੀਆਂ ਜਰੂਰੀ ਸੇਵਾਵਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਪੀ. ਸੀ. ਐਮ. ਐਸ. ਏ. ਨੂੰ ਉਮੀਦ ਹੈ ਕਿ ਸਰਕਾਰ ਆਪਣੇ ਹੁਣ ਤੱਕ ਦੇ ਸਕਾਰਾਤਮਕ ਰਵੱਈਏ ਨੂੰ ਜਾਰੀ ਰੱਖਦਿਆਂ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਦਾ ਸਕਾਰਾਤਮਕ ਅਤੇ ਨਿਆਂਸੰਗਤ ਹੱਲ ਜਲਦ ਕਰੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ. ਸੁਮੀਤ ਸਿੰਘ ਦੇ ਨਾਲ ਡਾ. ਰਚਨਾ, ਡਾ. ਜਸਵਿੰਦਰ, ਡਾ. ਨਿਧੀ, ਡਾ. ਪਰਨੀਤ, ਡਾ. ਇੰਦਰਪ੍ਰੀਤ, ਡਾ. ਸੰਦੀਪ, ਡਾ. ਨਿਰਮਲ, ਡਾ. ਦਿਲਮੋਹਨ ਸਮੇਤ ਸਿਵਲ ਸਰਜਨ ਦਫ਼ਤਰ ਅਤੇ ਮਾਤਾ ਕੁਸ਼ਲਿਆ ਹਸਪਤਾਲ ਸਮੇਤ ਜਿਲ੍ਹੇ ਭਰ ਦੇ ਹਸਪਤਾਲਾਂ ਦੇ ਡਾਕਟਰ ਮੌਜੂਦ ਸਨ।