ਨਵੀਂ ਦਿੱਲੀ, 5 ਅਪ੍ਰੈਲ (ਉਪਮਾ ਡਾਗਾ ਪਾਰਥ)-ਸਾਬਕਾ ਉਪ ਪ੍ਰਧਾਨ ਮੰਤਰੀ ਅਤੇ ਮਸ਼ਹੂਰ ਦਲਿਤ ਨੇਤਾ ਬਾਬੂ ਜਗਜੀਵਨ ਰਾਮ ਦੀ ਜੈਅੰਤੀ ਮੌਕੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਕਾਂਗਰਸ ਪ੍ਰਧਾਨ ਸਮੇਤ ਕਈ ਸ਼ਖ਼ਸੀਅਤਾਂ ਨੇ ਸ਼ਰਧਾਂਜਲੀ ਭੇਟ ਕੀਤੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਮੰਚ 'ਤੇ ਪਾਏ ਸੰਦੇਸ਼ 'ਚ ਬਾਬੂ ਜਗਜੀਵਨ ਰਾਮ ਨੂੰ ਨਮਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣਾ ਜੀਵਨ ਸਮਾਨਤਾ ਅਤੇ ਸਮਾਜਿਕ ਨਿਆਂ ਲਈ ਸਮਰਪਿਤ ਕਰ ਦਿੱਤਾ ਸੀ | ਉਨ੍ਹਾਂ ਕਿਹਾ ਕਿ ਸਾਬਕਾ ਉਪ ਪ੍ਰਧਾਨ ਮੰਤਰੀ ਦੇ ਰਾਸ਼ਟਰ ਪ੍ਰਤੀ ਅਣਮੁਲੇ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ | ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਜਗਜੀਵਨ ਰਾਮ ਨੇ ਈਮਾਨਦਾਰੀ ਦੂਰਅੰਦੇਸ਼ੀ ਅਤੇ ਹਮੇਸ਼ਾ ਰਾਸ਼ਟਰੀ ਹਿੱਤ ਨੂੰ ਸਰਬਉੱਚ ਰੱਖਦਿਆਂ ਹਰੇਕ ਜ਼ਿੰਮੇਵਾਰੀ ਨਿਭਾਈ | ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕਿਹਾ ਕਿ ਸਮਤਾ ਦਿਵਸ ਮੌਕੇ ਮਹਾਨ ਸੁਤੰਤਰਤਾ ਸੈਨਾਨੀ ਸਮਾਜਿਕ ਨਿਆਂ ਦੇ ਸਮਰਥਕ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਬਾਬੂ ਜਗਜੀਵਨ ਰਾਮ ਦੀ ਜੈਅੰਤੀ 'ਤੇ ਕੋਟਿ-ਕੋਟਿ ਨਮਨ | ਉਨ੍ਹਾਂ ਕਿਹਾ ਕਿ ਪੰਜ ਦਹਾਕਿਆਂ ਤੋਂ ਵੱਧ ਦੇ ਉਨ੍ਹਾਂ ਦੇ ਸਨਮਾਨਤ ਜਨਤਕ ਜੀਵਨ 'ਚ ਸ਼ੋਸਿਤ ਸਮਾਜ ਨੂੰ ਉੱਪਰ ਉਠਾਉਣ ਲਈ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ | ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਾਬੂ ਜਗਜੀਵਨ ਰਾਮ ਨੂੰ ਧਰਮ ਬਦਲਾਅ ਦਾ ਵਿਰੋਧ ਕਰਨ ਵਾਲੀ ਸ਼ਖ਼ਸੀਅਤ ਦੱਸਦਿਆਂ ਹੋਇਆਂ ਉਨ੍ਹਾਂ ਨੂੰ ਯਾਦ ਕੀਤਾ |