ਨਵੀਂ ਦਿੱਲੀ, 5 ਅਪ੍ਰੈਲ (ਏਜੰਸੀ)-ਭਾਜਪਾ ਨੇ ਕੇਰਲ 'ਚ ਇਕ ਜਨਤਕ ਰੈਲੀ ਦੌਰਾਨ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਵਲੋਂ ਕੀਤੀਆਂ ਟਿੱਪਣੀਆਂ ਦੀ ਆਲੋਚਨਾ ਕੀਤੀ ਅਤੇ ਦੋਸ਼ ਲਗਾਇਆ ਕਿ ਵਿਰੋਧੀ ਪਾਰਟੀ 'ਪਾੜੋ ਅਤੇ ਰਾਜ ਕਰੋ' ਦੀ ਰਾਜਨੀਤੀ ਕਰ ਰਹੀ ਹੈ ਅਤੇ ਗੁਜਰਾਤ ਅਤੇ ਉਤਰੀ ਭਾਰਤ ਦੇ ਲੋਕਾਂ ਦਾ ਅਪਮਾਨ ਕਰ ਰਹੀ ਹੈ | ਕੇਰਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਡੁੱਕੀ ਜ਼ਿਲ੍ਹੇ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਖੜਗੇ ਨੇ ਕਿਹਾ ਕਿ ਰਾਜ ਦੇ ਲੋਕ 'ਪੜ੍ਹੇ-ਲਿਖੇ ਅਤੇ ਚਲਾਕ' ਹਨ ਅਤੇ ਉਨ੍ਹਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ, ਜਿਵੇਂ ਕਿ ਗੁਜਰਾਤ ਅਤੇ ਕੁਝ ਹੋਰ ਥਾਵਾਂ ਦੇ ਲੋਕਾਂ ਨਾਲ ਹੁੰਦਾ ਹੈ | ਭਾਜਪਾ ਦੇ ਰਾਸ਼ਟਰੀ ਬੁਲਾਰੇ ਸ਼ਹਿਜਾਦ ਪੂਨਾਵਾਲਾ ਨੇ ਕਿਹਾ ਕਿ ਖੜਗੇ ਨੇ ਗੁਜਰਾਤ ਅਤੇ ਉੱਤਰੀ ਭਾਰਤ ਦੇ ਲੋਕਾਂ ਵਿਰੁੱਧ 'ਹੈਰਾਨ ਕਰਨ ਵਾਲੀਆਂ ਟਿੱਪਣੀਆਂ' ਕੀਤੀਆਂ ਹਨ, ਜੋ ਪਾਰਟੀ ਦੀ 'ਪਾੜੋ ਅਤੇ ਰਾਜ ਕਰੋ' ਵਾਲੀ ਮਾਨਸਿਕਤਾ ਨੂੰ ਦਰਸਾਉਂਦੀਆਂ ਹਨ | ਉਨ੍ਹਾਂ ਨੇ ਗੁਜਰਾਤ ਅਤੇ ਉਤਰ ਪ੍ਰਦੇਸ਼ ਦੇ ਲੋਕਾਂ ਨਾਲ ਦੁਰਵਿਵਹਾਰ ਕੀਤਾ ਹੈ ਅਤੇ ਉਨ੍ਹਾਂ ਨੂੰ ਅਨਪੜ੍ਹ ਕਿਹਾ ਹੈ ਕਿਉਂਕਿ ਉਹ ਕਾਂਗਰਸ ਨੂੰ ਵੋਟ ਨਹੀਂ ਦਿੰਦੇ | ਉਨ੍ਹਾਂ ਪੁੱਛਿਆ ਕਿ ਕੀ ਗੁਜਰਾਤ ਵਿਚ ਕਾਂਗਰਸ ਦੇ ਨੇਤਾ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਅਤੇ ਆਰ. ਜੇ. ਡੀ. ਦੇ ਤੇਜਸਵੀ ਯਾਦਵ ਵਰਗੇ ਵਿਰੋਧੀ ਨੇਤਾ ਅਜਿਹੀਆਂ ਟਿੱਪਣੀਆਂ ਦਾ ਸਮਰਥਨ ਕਰਦੇ ਹਨ |