ਚੰਡੀਗੜ੍ਹ, 7 ਅਪ੍ਰੈਲ (ਅਜੀਤ ਬਿਊਰੋ)-ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਇਕ ਅਹਿਮ ਹਮਦਰਦੀ-ਭਰਪੂਰ ਪਹਿਲ ਕਰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਉਨ੍ਹਾਂ ਵਿਦਿਆਰਥੀਆਂ ਲਈ ਯਕਮੁਸ਼ਤ 'ਵਿਸ਼ੇਸ਼ ਮੌਕਾ' (ਮਰਸੀ ਚਾਂਸ) ਦੇਣ ਜਾ ਰਿਹਾ ਹੈ, ਜੋ 10ਵੀਂ ਜਾਂ 12ਵੀਂ ਬੋਰਡ ਪ੍ਰੀਖਿਆ ਪਾਸ ਨਹੀਂ ਸਨ ਕਰ ਸਕੇ | ਇਹ ਐਲਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੀਤਾ | ਇਸ ਪਹਿਲਕਦਮੀ ਲਈ ਯੋਗਤਾ ਤੇ ਦਾਇਰੇ ਬਾਰੇ ਸਿੱਖਿਆ ਮੰਤਰੀ ਨੇ ਦੱਸਿਆ ਕਿ ਉਹ ਸਾਰੇ ਵਿਦਿਆਰਥੀ, ਜੋ ਮਾਰਚ 2010 ਤੋਂ ਹੁਣ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਸੇ ਵੀ ਪ੍ਰੀਖਿਆ ਵਿਚ ਬੈਠੇ ਹਨ ਤੇ ਪਾਸ ਨਹੀਂ ਸਨ ਹੋਏ, ਉਹ ਵਿਸ਼ੇਸ਼ ਮੌਕੇ (ਮਰਸੀ ਚਾਂਸ) ਲਈ ਯੋਗ ਹੋਣਗੇ | ਇਸ ਮੌਕੇ ਦਾ ਲਾਭ ਉਹ ਵਿਦਿਆਰਥੀ ਲੈ ਸਕਦੇ ਹਨ, ਜਿਨ੍ਹਾਂ ਨੇ ਘੱਟੋ-ਘੱਟ ਇਕ ਵਿਸ਼ਾ ਪਾਸ ਕੀਤਾ ਹੈ | ਦਸਵੀਂ ਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਹ ਵਿਸ਼ੇਸ਼ ਸਹੂਲਤ ਉਨ੍ਹਾਂ ਨੂੰ ਆਪਣਾ ਬੋਰਡ ਸਰਟੀਫਿਕੇਸ਼ਨ ਪ੍ਰਾਪਤ ਕਰਨ ਦਾ ਅੰਤਿਮ ਰਸਤਾ ਪ੍ਰਦਾਨ ਕਰੇਗੀ | ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ 27 ਅਪ੍ਰੈਲ, 2026 ਨੂੰ ਸ਼ੁਰੂ ਹੋਵੇਗੀ ਤੇ ਵਿਸ਼ੇਸ਼ ਪ੍ਰੀਖਿਆਵਾਂ 15 ਜੁਲਾਈ, 2026 ਤੋਂ ਹੋਣਗੀਆਂ | ਉਨ੍ਹਾਂ ਕਿਹਾ ਕਿ ਵਿਸਤਾਰਥ ਨਿਰਦੇਸ਼, ਵਿਸ਼ਾ-ਵਾਰ ਸਿਲੇਬਸ ਅਤੇ ਅਪਲਾਈ ਕਰਨ ਲਈ ਲਿੰਕ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ 'ਤੇ ਉਪਲਬਧ ਹੋਵੇਗਾ |
ਪੀ.ਐਸ.ਈ.ਬੀ. ਵਲੋਂ 2010 ਤੋਂ ਬੋਰਡ ਪ੍ਰੀਖਿਆਵਾਂ ਵਿਚ ਅਸਫ਼ਲ ਰਹੇ ਵਿਦਿਆਰਥੀਆਂ ਲਈ 'ਵਿਸ਼ੇਸ਼ ਮੌਕਾ'
ਅਜੀਤ ਡੈਸਕ
08-04-2026